ਸੰਜੀਵ ਬੱਬੀ
ਚਮਕੌਰ ਸਾਹਿਬ, 17 ਅਕਤੂਬਰ
ਪੰਜਾਬ ਭਰ ਤੋਂ ਆਏ ਵੱਡੀ ਗਿਣਤੀ ਅਧਿਆਪਕਾਂ ਅਤੇ ਨਰਸਿੰਗ ਸਟਾਫ ਵੱਲੋਂ 24 ਕੈਟਾਗਰੀਆਂ ’ਤੇ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਮੁਕੰਮਲ ਰੂਪ ਵਿੱਚ ਲਾਗੂ ਕਰਵਾਉਣ ਲਈ ਮੁੱਖ ਮੰਤਰੀ ਦੇ ਹਲਕੇ ਚਮਕੌਰ ਸਾਹਿਬ ਵਿੱਚ ਰੈਲੀ ਕਰਨ ਤੋਂ ਬਾਅਦ ਪੰਜਾਬ ਰਾਜ ਅਧਿਆਪਕ ਗੱਠਜੋੜ ਦੀ ਅਗਵਾਈ ਹੇਠ ਜਿੱਥੇ ਰੋਸ ਮਾਰਚ ਕੱਢਿਆ ਗਿਆ, ਉੱਥੇ ਹੀ ਭੂਰੜੇ ਚੌਕ ਵਿੱਚ ਦੋ ਘੰਟੇ ਆਵਾਜਾਈ ਰੋਕ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਰੋਸ ਮਾਰਚ ਵਿੱਚ ਮਾਸਟਰ ਕੇਡਰ ਯੂਨੀਅਨ, ਬੀ.ਐੱਡ ਫਰੰਟ, ਟੈੱਟ ਪਾਸ ਈਟੀਟੀ ਅਧਿਆਪਕ ਯੂਨੀਅਨ ਅਤੇ ਨਰਸਿੰਗ ਸਟਾਫ ਨੇ ਹਿੱਸਾ ਲਿਆ। ਸੂਬਾਈ ਆਗੂਆਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਅਧਿਆਪਕਾਂ, ਨਰਸਿੰਗ ਸਟਾਫ ਅਤੇ ਪੰਜਾਬ ਪੁਲੀਸ ਸਮੇਤ 24 ਕੈਟਾਗਰੀਆਂ ’ਤੇ ਲੰਗੜਾ ਪੇਅ ਕਮਿਸ਼ਨ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਸ ਦੌਰਾਨ ਆਵਾਜਾਈ ਬੰਦ ਦੌਰਾਨ ਲੋਕਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪਿਆ। ਧਰਨੇ ਵਾਲੇ ਸਥਾਨ ’ਤੇ ਪਹੁੰਚੇ ਤਹਿਸੀਲਦਾਰ ਚੇਤਨ ਬੰਗੜ ਨੇ ਮੰਗ ਪੱਤਰ ਲੈਂਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ 25 ਅਕਤੂਬਰ ਨੂੰ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ, ਜਿਸ ਮਗਰੋਂ ਅਧਿਆਪਕਾਂ ਤੇ ਨਰਸਿੰਗ ਸਟਾਫ ਵੱਲੋਂ ਧਰਨਾ ਚੁੱਕਿਆ ਗਿਆ।