ਗੈਸਟ ਟੀਚਰਾਂ ਵੱਲੋਂ ਪੱਕੇ ਕਰਨ ਦੀ ਮੰਗ;ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਇਆ
ਪੱਤਰ ਪ੍ਰੇਰਕ
ਯਮੁਨਾਨਗਰ, 5 ਸਤੰਬਰ
ਕੌਮਾਂਤਰੀ ਅਧਿਆਪਕ ਦਿਵਸ ਮੌਕੇ ਗੈਸਟ ਅਧਿਆਪਕ ਸੰਘ ਦੇ ਬੈਨਰ ਹੇਠ ਹਰਿਆਣਾ ਦੇ ਗੈਸਟ ਅਧਿਆਪਕਾਂ ਨੇ ਸੂਬਾ ਪ੍ਰਧਾਨ ਮੈਨਾ ਯਾਦਵ ਦੀ ਅਗਵਾਈ ਵਿੱਚ ਜ਼ਿਲ੍ਹਾ ਸਕੱਤਰੇਤ ਸਾਹਮਣੇ ਪ੍ਰਦਰਸ਼ਨ ਕੀਤਾ। ਮੁਜ਼ਾਹਰੇ ਮਗਰੋਂ ਅਧਿਆਪਕ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਦੀ ਰਿਹਾਇਸ਼ ਘੇਰਨ ਲਈ ਨਿਕਲ ਗਏ। ਇਸ ਦੌਰਾਨ ਸੰਘ ਦੇ ਸੂਬਾ ਪ੍ਰਧਾਨ ਮੈਨਾ ਯਾਦਵ ਅਤੇ ਜਨਰਲ ਸਕੱਤਰ ਪਾਰਸ ਸ਼ਰਮਾ ਨੇ ਕਿਹਾ ਕਿ ਗੈਸਟ ਟੀਚਰਾਂ ਦੀਆਂ ਸਾਰੀਆਂ ਜਥੇਬੰਦੀਆਂ ਨੇ ਆਪਣੇ ਹੱਕਾਂ ਲਈ ਮਿਲ ਕੇ ਲੜਨ ਦਾ ਅਹਿਦ ਲਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਤਨਖਾਹ ਵਿੱਚ 11 ਫੀਸਦੀ ਦਾ ਵਾਧਾ ਕਹਿ ਕੇ ਝੂਠੀ ਵਾਹ ਵਾਹ ਖੱਟ ਰਹੀ ਹੈ ਜਦਕਿ ਪੱਕੇ ਅਧਿਆਪਕਾਂ ਦੀ ਤਰ੍ਹਾਂ ਉਨ੍ਹਾਂ ਨੂੰ ਨਾ ਤਾਂ ਤਨਖਾਹ ਅਤੇ ਨਾ ਹੀ ਭੱਤੇ ਮਿਲ ਰਹੇ ਹਨ । ਉਨ੍ਹਾਂ ਕਿਹਾ ਕਿ 2019 ਵਿੱਚ ਮੌਜੁਦਾ ਸਿੱਖਿਆ ਮੰਤਰੀ ਨੇ ਵਿਧਾਨ ਸਭਾ ਵਿੱਚ ਕਿਹਾ ਸੀ ਕਿ ਗੈਸਟ ਟੀਚਰਾਂ ਨੂੰ ਇਹ ਲਾਭ ਉਸ ਦਿਨ ਤੋਂ ਹੀ ਮਿਲਣਗੇ ਜਿਸ ਦਿਨ ਤੋਂ ਗੈਸਟ ਟੀਚਰ ਐਕਟ ਬਣਿਆ ਹੈ। ਪਰ ਅੱਜ ਦੋ ਸਾਲ ਹੋ ਗਏ ਹਨ ਗੈਸਟ ਅਧਿਆਪਕਾਂ ਨੂੰ ਕੋਈ ਲਾਭ ਨਹੀਂ ਮਿਲਿਆ। ਇਸ ਤੋਂ ਇਲਾਵਾ ਸਨ 2014 ਵਿੱਚ ਵੀ ਗੈਸਟ ਟੀਚਰਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪਰ ਭਾਜਪਾ ਸਰਕਾਰ ਨੇ ਇਹ ਵਾਅਦਾ ਵੀ ਨਹੀਂ ਨਿਭਾਇਆ । ਉਨ੍ਹਾਂ ਕਿਹਾ ਕਿ ਅਧਿਆਪਕਾਂ ਵਿੱਚ ਸਰਕਾਰ ਦੀ ਵਾਅਦਾਖਿਲਾਫੀ ਖ਼ਿਲਾਫ਼ ਭਾਰੀ ਰੋਸ ਹੈ ਅਤੇ ਉਹ ਕੁੱਝ ਵੀ ਕਰ ਸਕਦੇ ਹਨ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਮੁੱਖ ਮੰਤਰੀ ਨਾਲ 8 ਸਤੰਬਰ ਨੂੰ ਹੋਵੇਗੀ ਗੱਲਬਾਤ
ਅੱਜ ਦੇ ਪ੍ਰਦਰਸ਼ਨ ਤੋਂ ਬਾਅਦ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਗੈਸਟ ਅਧਿਆਪਕਾਂ ਨੂੰ ਬੁਲਾਇਆ ਅਤੇ 8 ਸਤੰਬਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਦਿੱਤਾ। ਮੁਲਾਕਾਤ ਦੇ ਭਰੋਸੇ ਮਗਰੋਂ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਣ ਦਾ ਫੈਸਲਾ ਮੁਲਤਵੀ ਕਰ ਦਿੱਤਾ। ਅਧਿਆਪਕ ਆਗੂਆਂ ਨੇ ਦੱਸਿਆ ਕਿ 7 ਸਤੰਬਰ ਨੂੰ ਸ਼ਹੀਦ ਰਾਜ ਰਾਣੀ ਦਾ ਸ਼ਹੀਦੀ ਦਿਵਸ ਪੂਰੇ ਹਰਿਆਣਾ ਵਿੱਚ ਜ਼ਿਲ੍ਹਾ ਪੱਧਰ ’ਤੇ ਮਨਾਇਆ ਜਾਵੇਗਾ। ਇਸ ਮੌਕੇ ਸਤਪਾਲ ਸ਼ਰਮਾ, ਹਰਦੀਪ ਗਿਲ, ਨਿਤਿਨ ਲਾਂਬਾ, ਰਾਜੀਵ ਚੰਦਾ, ਨਵਨੀਤ ਬਾਜਵਾ, ਨੀਲਮ ਰਾਨੀ, ਮਨਜੀਤ ਕੌਰ, ਸੁਮਨ ਬਖਸ਼ੀ, ਗੁਰਪ੍ਰੀਤ ਵਿਰਕ ਅਤੇ ਹੋਰ ਗੈਸਟ ਟੀਚਰ ਮੌਜੂਦ ਸਨ।
ਕੈਪਸ਼ਨ: ਯਮੁਨਾ ਨਗਰ ਵਿੱਚ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਗੈਸਟ ਟੀਚਰ।