ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 14 ਅਗਸਤ
ਯੂਟੀ ਦੇ ਸਿੱਖਿਆ ਵਿਭਾਗ ਵਿੱਚ ਹਰਿਆਣਾ ਤੋਂ ਡੈਪੂਟੇਸ਼ਨ ’ਤੇ ਆਏ ਅਧਿਆਪਕਾਂ ਨੇ ਹਰਿਆਣਾ ਵਿਚ ਮਿਲਦੀ ਤਰੱਕੀ ਨਕਾਰ ਦਿੱਤੀ ਹੈ। ਇਨ੍ਹਾਂ ਲੈਕਚਰਾਰਾਂ ਨੂੰ ਹਰਿਆਣਾ ਨੇ ਪ੍ਰਿੰਸੀਪਲ ਬਣਾਉਣ ਲਈ ਪਿਛਲੇ ਹਫ਼ਤੇ ਪੱਤਰ ਜਾਰੀ ਕੀਤੇ ਸਨ। ਇਨ੍ਹਾਂ ਵਿੱਚੋਂ ਕੁਝ ਲੈਕਚਰਾਰਾਂ ਨੇ ਚੰਡੀਗੜ੍ਹ ਵਿੱਚ ਹੀ ਰਹਿਣ ਅਤੇ ਇੱਥੇ ਹੀ ਤਰੱਕੀ ਦੇਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਸਥਾਨਕ ਅਧਿਆਪਕਾਂ ਨੇ ਮਿਆਦ ਪੁਗਾ ਚੁੱਕੇ ਅਧਿਆਪਕਾਂ ਨੂੰ ਪਿੱਤਰੀ ਰਾਜ ਭੇਜਣ ਦੀ ਮੰਗ ਕੀਤੀ ਹੈ।
ਸੂਤਰਾਂ ਅਨੁਸਾਰ ਹਰਿਆਣਾ ਨੇ ਚੰਡੀਗੜ੍ਹ ਦੇ ਵੱਖ-ਵੱਖ ਸਕੂਲਾਂ ਵਿੱਚ ਤਾਇਨਾਤ 12 ਲੈਕਚਰਾਰਾਂ ਨੂੰ ਪ੍ਰਿੰਸੀਪਲ ਬਣਾ ਦਿੱਤਾ ਹੈ ਅਤੇ ਇਸ ਸਬੰਧੀ ਚੰਡੀਗੜ੍ਹ ਵਿੱਚ ਪ੍ਰੋਮੋਸ਼ਨ ਪ੍ਰੋਫਾਰਮਾ ਭੇਜਿਆ ਗਿਆ ਹੈ ਜਿਸ ’ਤੇ ਅੱਠ ਦੇ ਕਰੀਬ ਅਧਿਆਪਕਾਂ ਨੇ ਆਪਣੀ ਤੇ ਪਰਿਵਾਰਕ ਮੈਂਬਰਾਂ ਦੀ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਹਾਲ ਦੀ ਘੜੀ ਤਰੱਕੀ ਲੈਣ ਤੋਂ ਨਾਂਹ ਕਰ ਦਿੱਤੀ ਹੈ ਪਰ ਪ੍ਰੋਮੋਸ਼ਨ ਪ੍ਰੋਫਾਰਮੇ ਵਿੱਚ ਲਿਖਿਆ ਹੈ ਕਿ ਉਹ ਇਕ ਸਾਲ ਬਾਅਦ ਪਿੱਤਰੀ ਰਾਜ ਜਾਣਗੇ ਤੇ ਉਸ ਵੇਲੇ ਉਨ੍ਹਾਂ ਨੂੰ ਪ੍ਰਿੰਸੀਪਲ ਵਜੋਂ ਤਰੱਕੀ ਦਿੱਤੀ ਜਾਵੇ। ਵਿਭਾਗ ਦੇ ਰਿਕਾਰਡ ਅਨੁਸਾਰ ਇਸ ਵੇਲੇ ਡੈਪੂਟੇਸ਼ਨ ਵਾਲੇ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਭਰੀਆਂ ਹੋਈਆਂ ਹਨ ਤੇ ਇਸ ਵੇਲੇ ਕਿਸੇ ਵੀ ਡੈਪੂਟੇਸ਼ਨ ਵਾਲੇ ਲੈਕਚਰਾਰ ਨੂੰ ਪ੍ਰਿੰਸੀਪਲ ਨਹੀਂ ਬਣਾਇਆ ਜਾ ਸਕਦਾ ਹੈ। ਯੂਟੀ ਕੇਡਰ ਐਜੂਕੇਸ਼ਨਲ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਕਿਹਾ ਕਿ ਮਿਆਦ ਪੁਗਾ ਚੁੱਕੇ ਅਧਿਆਪਕਾਂ ਨੂੰ ਵਾਪਸ ਭੇਜਿਆ ਜਾਣਾ ਚਾਹੀਦਾ ਹੈ ਤਾਂ ਜੋ ਸਥਾਨਕ ਅਧਿਆਪਕਾਂ ਦੀਆਂ ਤਰੱਕੀਆਂ ਵਿੱਚ ਅੜਿੱਕਾ ਨਾ ਪਵੇ। ਸ੍ਰੀ ਕੰਬੋਜ ਨੇ ਕਿਹਾ ਕਿ ਤਰੱਕੀ ਮਿਲਣ ਵਾਲੇ ਲੈਕਚਰਾਰਾਂ ਨੂੰ ਪਿੱਤਰੀ ਰਾਜ ਹਰਿਆਣਾ ਭੇਜਿਆ ਜਾਵੇ। ਦੱਸਣਾ ਬਣਦਾ ਹੈ ਕਿ ਕੋਈ ਵੀ ਅਧਿਆਪਕ ਨਿਯਮਾਂ ਅਨੁਸਾਰ ਸਿਰਫ਼ ਪੰਜ ਸਾਲ ਤੱਕ ਡੈਪੂਟੇਸ਼ਨ ’ਤੇ ਰਹਿ ਸਕਦਾ ਹੈੈ।
ਸੈਕਟਰ-46 ਦੀ ਲੈਕਚਰਾਰ ਨੇ ਬਿਨਾਂ ਪੈਸਿਆਂ ਤੋਂ ਤਰੱਕੀ ਮੰਗੀ
ਪਤਾ ਲੱਗਾ ਹੈ ਕਿ ਸੈਕਟਰ-46 ਦੇ ਇਕ ਸਕੂਲ ਦੀ ਲੈਕਚਰਾਰ ਨੂੰ ਹਰਿਆਣਾ ਵਿਚ ਪ੍ਰਿੰਸੀਪਲ ਵਜੋਂ ਤਰੱਕੀ ਮਿਲੀ ਹੈ। ਇਸ ਲੈਕਚਰਾਰ ਵੱਲੋਂ ਵਿਭਾਗ ਨੂੰ ਲਿਖੀ ਚਿੱਠੀ ਵਿਚ ਉਸ ਨੇ ਕਿਹਾ ਹੈ ਕਿ ਉਸ ਨੂੰ ਚੰਡੀਗੜ੍ਹ ਵਿਚ ਪ੍ਰਿੰਸੀਪਲ ਵਜੋਂ ਤਰੱਕੀ ਦਿੱਤੀ ਜਾਵੇ ਤੇ ਉਹ ਇਸ ਤਰੱਕੀ ਦਾ ਕੋਈ ਲਾਭ ਨਹੀਂ ਲਵੇਗੀ। ਦੂਜੇ ਪਾਸੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਕਿਹਾ ਹੈ ਕਿ ਤਰੱਕੀ ਲੈਣ ਲਈ ਅਜਿਹਾ ਕੋਈ ਨਿਯਮ ਹੀ ਨਹੀਂ ਹੈ।