ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਸਤੰਬਰ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਚੰਡੀਗੜ੍ਹ ਸਮੇਤ ਪੰਜਾਬ ਦੇ 250 ਤੋਂ ਵੱਧ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਨ੍ਹਾਂ ’ਚ ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 30 ਦੀ ਅਧਿਆਪਕਾ ਮਨਿੰਦਰ ਕੌਰ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਪਬਲਿਕ ਸਕੂਲ, ਸੈਕਟਰ 27 ਦੀ ਨੀਰਜ ਸਿੱਕਾ, ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਸੈਕਟਰ 15 ਦੀ ਅਮਨਿੰਦਰ ਕੌਰ, ਸੇਂਟ ਸੋਲਜਰ ਸਕੂਲ ਮੁਹਾਲੀ ਦੀ ਜਤਿੰਦਰ ਪਾਲ ਕੌਰ, ਅਜੀਤ ਕਰਮ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ, ਸੈਕਟਰ 41 ਦੀ ਅਮਨਦੀਪ ਕੌਰ, ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 41 ਦੀ ਹਰਜਿੰਦਰ ਕੌਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਸੈਕਟਰ 35 ਦੀ ਪ੍ਰਿੰਸੀਪਲ ਪ੍ਰੀਤਇੰਦਰ ਕੌਰ, ਅਮਰਜੀਤ ਕੌਰ, ਨੇਹਾ ਤੇ ਰੁਪਿੰਦਰ ਕੌਰ ਸ਼ਾਮਲ ਹਨ। ਵੱਖ-ਵੱਖ ਜ਼ੋਨਾਂ ਦੇ ਕਾਲਜਾਂ ਅਤੇ ਸਕੂਲਾਂ ਵਿੱਚ ਗਤੀਵਿਧੀਆਂ ਲਈ ਸਹਿਯੋਗ ਦੇਣ ਲਈ ਉਨ੍ਹਾਂ ਦੀ ਸ਼ਲਾਘਾ ਤੇ ਸਨਮਾਨ ਕੀਤਾ ਗਿਆ ਹੈ। ਜਥੇਬੰਦੀ ਦੇ ਜ਼ੋਨਲ ਪ੍ਰਧਾਨ ਇੰਦਰਜੀਤ ਸਿੰਘ, ਜ਼ੋਨਲ ਸਕੱਤਰ ਧਰਮਵੀਰ ਸਿੰਘ ਅਤੇ ਬਲਿਹਾਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਆਪਣੇ 50ਵੇਂ ਸਥਾਪਨਾ ਵਰ੍ਹੇ ਦੀ ਸੰਪੂਰਨਤਾ ’ਤੇ ਦੇਸ਼-ਵਿਦੇਸ਼ ਵਿੱਚ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਇਹ ਸਮਾਗਮ ਲੁਧਿਆਣਾ ਦੇ ਸਰਕਾਰੀ ਕਾਲਜ ਵਿੱਚ ਕਰਵਾਇਆ ਗਿਆ ਸੀ। ਸਟੱਡੀ ਸਰਕਲ ਦੇ ਸਕੱਤਰ ਜਨਰਲ ਪ੍ਰਿਥੀ ਸਿੰਘ ਅਤੇ ਡਾ. ਹਰੀ ਸਿੰਘ ਜਾਚਕ ਨੇ ਸਟੱਡੀ ਸਰਕਲ ਦੇ 50 ਸਾਲ ਦੇ ਸੁਨਹਿਰੀ ਇਤਿਹਾਸ ਦੀ ਵੀਡੀਓ ਪੇਸ਼ਕਾਰੀ ਦਿੱਤੀ। ਸਮਾਗਮ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਐੱਸ ਪੀ ਸਿੰਘ, ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਗੁਰਮੋਹਨ ਸਿੰਘ ਆਦਿ ਨੇ ਸ਼ਿਰਕਤ ਕੀਤੀ।