ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 30 ਜੁਲਾਈ
ਮੁੱਖ ਅੰਸ਼
- ਬੱਚਿਆਂ ਨੂੰ ਸਫਲ ਇਨਸਾਨ ਬਣਨ ਦਾ ਟੀਚਾ ਮਿਥਣ ਲਈ ਪ੍ਰੇਰਿਆ
- ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਮੌਕੇ ਹਰ ਘਰ ਵਿੱਚ ਤਿਰੰਗਾ ਲਹਿਰਾਉਣ ਦਾ ਸੱਦਾ
- ਸਰਕਾਰੀ ਸਕੂਲ ਮੌਲੀ ਜੱਗਰਾਂ ਵਿੱਚ ਹੋਇਆ ਮੁੱਖ ਸਮਾਗਮ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸਰਕਾਰੀ ਮਾਡਲ ਹਾਈ ਸਕੂਲ ਮੌਲੀ ਜੱਗਰਾਂ ਵਿੱਚ ਚੰਡੀਗੜ੍ਹ ਦੇ ਤਿੰਨ ਸਰਕਾਰੀ ਸਕੂਲਾਂ ਅਤੇ ਸੈਕਟਰ-43 ਦੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਦੀ ਮਲਟੀ-ਲੈਵਲ ਪਾਰਕਿੰਗ ਦਾ ਉਦਘਾਟਨ ਕੀਤਾ। ਇਨ੍ਹਾਂ ਤਿੰਨਾਂ ਸਕੂਲਾਂ ਵਿੱਚ 5100 ਵਿਦਿਆਰਥੀ ਪੜ੍ਹ ਸਕਣਗੇ। ਮਲਟੀ-ਲੈਵਲ ਪਾਰਕਿੰਗ ਵਿੱਚ ਅਦਾਲਤੀ ਕੰਪਲੈਕਸ ਨਾਲ ਸਬੰਧਤ ਵਾਹਨਾਂ ਤੋਂ ਇਲਾਵਾ ਬੱਸ ਅੱਡਾ ਸੈਕਟਰ-43 ਅਤੇ ਹੋਰ ਨੇੜਲੀਆਂ ਥਾਵਾਂ ਦੇ 1300 ਵਾਹਨ ਖੜ੍ਹੇ ਕੀਤੇ ਜਾ ਸਕਦੇ ਹਨ। ਇਸ ਮੌਕੇ ਸਕੂਲ ਦੇ ਆਲੇ ਦੁਆਲੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਗ੍ਰਹਿ ਮੰਤਰੀ ਦੀ ਆਮਦ ਮੌਕੇ ਮੁੱਖ ਸਮਾਗਮ ਸਰਕਾਰੀ ਮਾਡਲ ਹਾਈ ਸਕੂਲ ਮੌਲੀ ਜੱਗਰਾਂ ਵਿਚ ਕਰਵਾਇਆ ਗਿਆ। ਸ੍ਰੀ ਸ਼ਾਹ ਨੇ ਮੌਲੀ ਜੱਗਰਾਂ ਤੋਂ ਇਲਾਵਾ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ-12 ਤੇ ਸਰਕਾਰੀ ਮਾਡਲ ਹਾਈ ਸਕੂਲ ਕਿਸ਼ਨਗੜ੍ਹ ਦਾ ਉਦਘਾਟਨ ਵੀ ਇਥੋਂ ਹੀ ਕੀਤਾ।
ਸ੍ਰੀ ਸ਼ਾਹ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੇ ਅਧਿਆਪਕਾਂ ਦੀ ਥਾਂ ਗੁਰੂ ਬਣ ਕੇ ਉਨ੍ਹਾਂ ਨੂੰ ਸਹੀ ਦਿਸ਼ਾ ਦੇਣ ਤਾਂ ਕਿ ਇਹ ਬੱਚੇ ਭਵਿੱਖ ਦਾ ਭਾਰਤ ਸਿਰਜਣ ਵਿਚ ਆਪਣਾ ਅਹਿਮ ਰੋਲ ਅਦਾ ਕਰ ਸਕਣ। ਉਨ੍ਹਾਂ ਦੱਸਿਆ ਕਿ ਪਹਿਲਾਂ ਅਧਿਆਪਕ ਨੂੰ ਗੁਰੂ ਇਸ ਲਈ ਕਹਿੰਦੇ ਸਨ ਕਿ ਉਹ ਬੱਚੇ ਦੀ ਲਘੂ ਬੁੱਧੀ ਨੂੰ ਵਿਸ਼ਾਲ ਘੇਰਾ ਦੇ ਕੇ ਉਸ ਨੂੰ ਸਫਲ ਇਨਸਾਨ ਬਣਾਉਂਦਾ ਸੀ ਤੇ ਹੁਣ ਵੀ ਅਧਿਆਪਕ ਉਸੇ ਤਰਜ਼ ’ਤੇ ਚੱਲਦੇ ਹੋਏ ਬੱਚੇ ਦੀ ਛੋਟੀ ਸੋਚ ਨੂੰ ਵਿਕਸਤ ਕਰ ਕੇ ਉਸ ਦਾ ਦਾਇਰਾ ਵੱਡਾ ਕਰਨ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਉਹ ਰੋਜ਼ ਸਵੇਰੇ ਉਠ ਕੇ ਸਫਲ ਇਨਸਾਨ ਬਣਨ ਦੇ ਨਾਲ ਹੀ ਵੱਡਾ ਇਨਸਾਨ ਬਣਨ ਦਾ ਟੀਚਾ ਵੀ ਮਿਥਣ। ਉਨ੍ਹਾਂ ਬੱਚਿਆਂ ਨੂੰ ਦੇਸ਼ ਦੀ ਨਵੀਂ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਹਵਾਲਾ ਦੇ ਕੇ ਕਿਹਾ ਕਿ ਭਾਰਤ ਦਾ ਸੰਵਿਧਾਨ ਹਰ ਇਕ ਨੂੰ ਮੌਕਾ ਦਿੰਦਾ ਹੈ। ਇਸ ਕਰ ਕੇ ਇਥੋਂ ਦੇ ਬੱਚੇ ਵੀ ਭਵਿੱਖ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਤੇ ਅਹਿਮ ਸ਼ਖ਼ਸੀਅਤ ਬਣ ਸਕਦੇ ਹਨ।
ਉਨ੍ਹਾਂ ਨਵੀਂ ਸਿੱਖਿਆ ਨੀਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਵੀਂ ਸਿੱਖਿਆ ਨੀਤੀ-2020 ਵਿੱਚ ਹਰ ਬੱਚੇ ਦੇ ਵਿਅਕਤੀਗਤ ਵਿਕਾਸ ਤੇ ਮਾਹਿਰੀ ਸਿੱਖਿਆ ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਅਜ਼ਾਦੀ ਦਾ 75ਵਾਂ ਅੰਮ੍ਰਿਤ ਮਹਾਉਤਸਵ ਮਨਾ ਰਿਹਾ ਹੈ। ਂ ਇਸ ਮੌਕੇ ਹਰ ਘਰ ਵਿਚ 15 ਅਗਸਤ ਨੂੰ ਤਿਰੰੰਗਾ ਲਹਿਰਾ ਕੇ ਅਹਿਮ ਯੋਗਦਾਨ ਜ਼ਰੂਰ ਪਾ ਸਕਦੇ ਹਾਂ।
ਮੀਡੀਆ ਕਰਮਚਾਰੀਆਂ ਤੇ ਸੁਰੱਖਿਆ ਕਰਮੀਆਂ ਨੂੰ ਪਾਸੇ ਕਰਾਉਣ ਤੋਂ ਬਾਅਦ ਹੀ ਬੋਲੇ ਅਮਿਤ ਸ਼ਾਹ: ਸਰਕਾਰੀ ਸਕੂਲ ਵਿਚ ਕਰਵਾਏ ਸਮਾਗਮ ਵਿਚ ਪਹਿਲਾਂ ਸੰਸਦ ਮੈਂਬਰ ਕਿਰਨ ਖੇਰ ਤੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸੰਬੋਧਨ ਕੀਤਾ। ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਆਏ ਤਾਂ ਬੱਚਿਆਂ ਅੱਗੇ ਮੀਡੀਆ ਕਰਮੀ ਤੇ ਸੁਰੱਖਿਆ ਕਰਮੀ ਖੜ੍ਹੇ ਸਨ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪਹਿਲਾਂ ਮੀਡੀਆ ਕਰਮੀ ਬੈਠ ਜਾਣ ਤੇ ਸੁਰੱਖਿਆ ਕਰਮੀ ਪਾਸੇ ਹੋ ਜਾਣ। ਉਨ੍ਹਾਂ ਕਿਹਾ ਕਿ ਉਹ ਕਾਫੀ ਸਮੇਂ ਬਾਅਦ ਵਿਦਿਆਰਥੀਆਂ ਦੇ ਰੂਬਰੂ ਹੋ ਰਹੇ ਹਨ। ਉਨ੍ਹਾਂ ਬੱਚਿਆਂ ਨੂੰ ਦੇਸ਼ ਦੇ ਉਸਾਰੂ ਨਾਗਰਿਕ ਬਣਨ ਦਾ ਸੱਦਾ ਦਿੱਤਾ ਤੇ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਤਰਾਸ਼ਣ ਲਈ ਵੀ ਕਿਹਾ। ਦੂਜੇ ਪਾਸੇ ਪ੍ਰਸ਼ਾਸਕ ਪੁਰੋਹਿਤ ਨੇ ਦੱਸਿਆ ਕਿ ਜਲਦੀ ਹੀ ਚੰਡੀਗੜ੍ਹ ਵਿੱਚ ਦਸ ਹੋਰ ਨਵੇਂ ਸਕੂਲ ਉਸਾਰੇ ਜਾਣਗੇ। ਅਮਿਤ ਸ਼ਾਹ ਦੀ ਆਮਦ ਮੌਕੇ ਸੁਖਨਾ ਝੀਲ ’ਤੇ ਲੇਜ਼ਰ ਸ਼ੋਅ ਵੀ ਕਰਵਾਇਆ ਗਿਆ।
40 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ
ਚੰਡੀਗੜ੍ਹ (ਟ੍ਰਿਬਿਊਨ ਨਿਉਜ਼ ਸਰਵਿਸ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ 40 ਹੋਰ ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾਈ। ਇਨ੍ਹਾਂ ਬੱਸਾਂ ਨੂੰ ਪੰਜਾਬ ਰਾਜ ਭਵਨ ਤੋਂ ਰਵਾਨਾ ਕੀਤਾ ਗਿਆ। ਇਸ ਮੌਕੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਇਨ੍ਹਾਂ ਇਲੈਕਟ੍ਰਿਕ ਬੱਸਾਂ ਦੇ ਆਉਣ ’ਤੇ ਸੀਟੀਯੂ ਵੱਲੋਂ ਟ੍ਰਾਈਸਿਟੀ ਵਿੱਚ ਨਵੇਂ ਰੂਟਾਂ ਦਾ ਚਾਰਟ ਤਿਆਰ ਕੀਤਾ ਜਾਵੇਗਾ।
ਪੁਲੀਸ ਨੇ ਯੂਥ ਕਾਂਗਰਸੀਆਂ ਨੂੰ ਹਿਰਾਸਤ ’ਚ ਲਿਆ: ਚੰਡੀਗੜ੍ਹ ਯੂਥ ਕਾਂਗਰਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਾਲੇ ਝੰਡੇ ਦਿਖਾਉਣ ਲਈ ਵਿਉਂਤਬੰਦੀ ਕੀਤੀ ਸੀ। ਇਸੇ ਨੂੰ ਵੇਖਦਿਆਂ ਚੰਡੀਗੜ੍ਹ ਪੁਲੀਸ ਨੇ ਯੂਥ ਕਾਂਗਰਸ ਦੇ ਆਗੂ ਰਵੀ ਠਾਕੁਰ, ਮੁਕੇਸ਼ ਰਾਏ, ਮਨੋਜ ਲੁਬਾਣਾ, ਲਵ ਕੁਮਾਰ, ਦੀਪਕ ਲੁਬਾਣਾ ਸਣੇ ਕਈ ਯੂਥ ਕਾਂਗਰਸ ਦੇ ਆਗੂਆਂ ਨੂੰ ਸਵੇਰ ਸਮੇਂ ਘਰ ਤੋਂ ਹੀ ਹਿਰਾਸਤ ਵਿੱਚ ਲੈ ਲਿਆ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਚੰਡੀਗੜ੍ਹ ਪੁਲੀਸ ਵੱਲੋਂ ਯੂਥ ਕਾਂਗਰਸ ਦੇ ਆਗੂਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਚੰਡੀਗੜ੍ਹ ਪੁਲੀਸ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਆਰਥਿਕ ਮੰਦੀ ਦਾ ਸਾਹਮਣਾ ਕਰ ਰਿਹਾ ਹੈ, ਬੇਰੁਜ਼ਗਾਰੀ ਅਤੇ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ। ਜਦੋਂ ਕਾਂਗਰਸੀ ਵਰਕਰ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹਨ ਤਾਂ ਪੁਲੀਸ ਵੱਲੋਂ ਕਾਂਗਰਸੀਆਂ ਨੂੰ ਧੱਕੇਸ਼ਾਹੀ ਨਾਲ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ।
ਅਰੁਣ ਸੂਦ ਨਾਲ ਦੁੱਖ ਸਾਂਝਾ ਕੀਤਾ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਦੇ ਘਰ ਪਹੁੰਚ ਕੇ ਉਨ੍ਹਾਂ ਦੀ ਮਾਤਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਸ੍ਰੀ ਸ਼ਾਹ ਨੇ ਸਵ. ਸ੍ਰੀਮਤੀ ਰਮਨ ਸੂਦ ਨੂੰ ਸ਼ਰਧਾਂਜਲੀ ਦਿੱਤੀ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਨੇ ਅਰੁਣ ਸੂਦ ਅਤੇ ਪਰਿਵਾਰ ਨਾਲ ਮੁਲਾਕਾਤ ਕੀਤੀ। ਦੱਸਣਯੋਗ ਹੈ ਕਿ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਦੀ ਮਾਤਾ ਰਮਨ ਸੂਦ ਦਾ ਕੈਂਸਰ ਦੀ ਬਿਮਾਰੀ ਕਾਰਨ ਕੁਝ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ। ਇਸ ਮੌਕੇ ਸੂਦ ਪਰਿਵਾਰ ਤੋਂ ਇਲਾਵਾ ਭਾਜਪਾ ਦੇ ਸੰਗਠਨ ਮੰਤਰੀ ਸ੍ਰੀਨਿਵਾਸ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸਿੱਧੂ ਅਤੇ ਭਾਜਪਾ ਦੇ ਜਨਰਲ ਸਕੱਤਰ ਰਾਮਵੀਰ ਭੱਟੀ ਵੀ ਮੌਜੂਦ ਸਨ।
ਅਮਿਤ ਸ਼ਾਹ ’ਤੇ ਵਰ੍ਹੀ ਦੀਪਾ ਦੂਬੇ: ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹੀਆਂ ਨੂੰ ਮੁੜ ਅੰਗੂਠਾ ਦਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸ਼ਾਹ ਦੀ ਫੇਰੀ ਤੋਂ ਚੰਡੀਗੜ੍ਹੀਆਂ ਨੂੰ ਬਹੁਤ ਆਸਾਂ ਸਨ ਕਿ ਸ਼ਹਿਰ ਦੇ ਵਿਕਾਸ ਲਈ ਕੋਈ ਵੱਡਾ ਐਲਾਨ ਹੋ ਸਕਦਾ ਹੈ ਪਰ ਉਨ੍ਹਾਂ ਕੁਝ ਵੀ ਨਵਾਂ ਐਲਾਨ ਨਹੀਂ ਕੀਤਾ।