ਪੱਤਰ ਪ੍ਰੇਰਕ
ਕੁਰਾਲੀ, 24 ਫਰਵਰੀ
ਵਿਧਾਨ ਸਭਾ ਚੋਣਾਂ ਦੌਰਾਨ ਬੀਐੱਲਓ ਦੀ ਡਿਊਟੀ ਕਰਨ ਜਾ ਰਹੀ ਮਹਿਲਾ ਅਧਿਆਪਕਾ ਨਾਲ ਵਾਪਰੇ ਹਾਦਸੇ ਦੌਰਾਨ ਜ਼ਖ਼ਮੀ ਹੋਈ ਮਹਿਲਾ ਅਧਿਆਪਕਾ ਦੀ ਪੀਜੀਆਈ ’ਚ ਇਲਾਜ ਦੌਰਾਨ ਮੌਤ ਹੋ ਗਈ। ਅਧਿਆਪਕ ਆਗੂਆਂ ਨੇ ਚੋਣ ਕਮਿਸ਼ਨ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮ੍ਰਿਤਕਾ ਦੇ ਪਰਿਵਾਰ ਦੀ ਆਰਥਿਕ ਮਦਦ ਦੀ ਮੰਗ ਕੀਤੀ ਹੈ। ਬਲਾਕ ਮਾਜਰੀ ’ਚ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਮਸਤਗੜ੍ਹ ਦੀ ਇੰਚਾਰਜ਼ ਅਧਿਆਪਕਾ ਰੇਨੂੰ ਬਾਲਾ ਦੀ ਡਿਊਟੀ ਵਿਧਾਨ ਸਭਾ ਚੋਣਾਂ ਦੌਰਾਨ ਮਸਤਗੜ੍ਹ (ਬੂਥ ਨੰ. 094) ’ਚ ਲਗਾਈ ਗਈ ਸੀ। ਵਿਧਾਨ ਸਭਾ ਚੋਣਾਂ ਦੌਰਾਨ ਰੇਨੂੰ ਬਾਲਾ ਚੋਣਾਂ ਤੋਂ ਇੱਕ ਦਿਨ ਪਹਿਲਾਂ 19 ਫਰਵਰੀ ਨੂੰ ਵੋਟਰ ਪਰਚੀਆਂ ਵੰਡਣ ਲਈ ਡਿਊਟੀ ’ਤੇ ਜਾ ਰਹੀ ਸੀ ਤਾਂ ਉਹ ਰੇਤੇ ਦੇ ਭਰੇ ਟਰੈਕਟਰ-ਟਰਾਲੀ ਹੇਠ ਆ ਕੇ ਜਖ਼ਮੀ ਹੋ ਗਈ।
ਪਰਿਵਾਰ ਨੂੰ ਮੁਆਵਜ਼ਾ ਤੇ ਨੌਕਰੀ ਦੇਣ ਦੀ ਮੰਗ
ਐਸ.ਏ.ਐਸ. ਨਗਰ (ਮੁਹਾਲੀ), (ਪੱਤਰ ਪ੍ਰੇਰਕ) ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਬੀਐੱਲਓ ਦੀ ਡਿਊਟੀ ਦੌਰਾਨ ਈਟੀਟੀ ਅਧਿਆਪਕ ਰੇਨੂ ਬਾਲਾ ਸਰਕਾਰੀ ਪ੍ਰਾਇਮਰੀ ਸਕੂਲ ਮਸਤਗੜ੍ਹ (ਮੁਹਾਲੀ) ਦੀ ਸੜਕ ਦੁਰਘਟਨਾ ਦੌਰਾਨ ਮੌਤ ਹੋ ਜਾਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਮੁਹਾਲੀ, ਜਨਰਲ ਸਕੱਤਰ ਰਵਿੰਦਰ ਸਿੰਘ ਪੱਪੀ ਨੇ ਦੱਸਿਆ ਕਿ ਰੇਨੂ ਬਾਲਾ ਦੀ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮਸਤਗੜ੍ਹ ਵਿੱਚ ਬੀਐੱਲਓ ਦੀ ਡਿਊਟੀ ਦੀ ਡਿਊਟੀ ਲੱਗੀ ਸੀ ਤੇ ਮਤਦਾਨ ਤੋਂ ਇਕ ਦਿਨ ਪਹਿਲਾਂ 19 ਫਰਵਰੀ ਨੂੰ ਰਸਤੇ ’ਚ ਉਸ ਦਾ ਐਕਸੀਡੈਂਟ ਹੋ ਗਿਆ। ਜੀਟੀਯੂ ਦੇ ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਣ ਡਿਊਟੀ ਦੌਰਾਨ ਸੜਕ ਦੁਰਘਟਨਾ ’ਚ ਫੌਤ ਹੋਈ ਰੇਲੂ ਬਾਲਾ ਦੇ ਪੀੜਤ ਪਰਿਵਾਰ ਨੂੰ ਤੁਰੰਤ ਯੋਗ ਮੁਆਵਜ਼ਾ ਦਿੱਤਾ ਜਾਵੇ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।