ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਸਤੰਬਰ
ਇਥੋਂ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-23 ਏ ਵਿਚ ਚੰਡੀਗੜ੍ਹ ਟਰੈਫਿਕ ਪੁਲੀਸ ਵਲੋਂ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਏਐਸਆਈ ਰਾਜਿੰਦਰ ਸਿੰਘ, ਏਐਸਆਈ ਭੁਪਿੰਦਰ ਸਿੰਘ, ਹੈਡ ਕਾਂਸਟੇਬਲ ਜਗਰੂਪ ਸਿੰਘ ਤੇ ਸੰਬਰ ਸਿੰਘ ਨੇ ਵਿਦਿਆਰਥੀਆਂ ਨੂੰ ਸੜਕ ’ਤੇ ਚੱਲਦੇ ਹੋਏ ਦੂਜਿਆਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਣ ਦੇ ਗੁਰ ਦੱਸੇ। ਉਨ੍ਹਾਂ ਮੋਬਾਈਲ ਫੋਨ ਦੀ ਵਰਤੋਂ ਨਾ ਕਰਨ, ਹੈਲਮਟ ਤੇ ਸੀਟ ਬੈਲਟ ਪਾਉਣ, ਰੈੱਡ ਲਾਈਟ ਨੂੰ ਜੰਪ ਨਾ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ ਦੱਸਿਆ ਕਿ ਸ਼ਰਾਬ ਪੀ ਕੇ ਵਾਹਨ ਚਲਾਉਣ ਨਾਲ ਕੀ ਨੁਕਸਾਨ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਿਨਾਂ ਵਜ੍ਹਾ ਹੌਰਨ ਵਜਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ 160 ਵਿਦਿਆਰਥੀਆਂ ਤੇ ਅਧਿਆਪਕ ਮੌਜੂਦ ਸਨ। ਇਸ ਮੌਕੇ ਟਰੈਫਿਕ ਪੁਲੀਸ ਟੀਮ ਨੇ 700 ਜਾਗਰੂਕਤਾ ਪਰਚੇ ਵੰਡੇ।