ਕੁਲਦੀਪ ਸਿੰਘ
ਚੰਡੀਗੜ੍ਹ, 12 ਜੁਲਾਈ
ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਰੱਦ ਨਾ ਕਰਨ ਅਤੇ ਦੇਸ਼ ਵਿੱਚ ਡੀਜ਼ਲ ਪੈਟਰੋਲ ਕੀਮਤਾਂ ਵਿੱਚ ਬੇਸ਼ੁਮਾਰ ਵਾਧੇ ਦੇ ਵਿਰੋਧ ਵਿੱਚ ਅੱਜ ਵਿਦਿਆਰਥੀ ਜਥੇਬੰਦੀ ਐਨ.ਐਸ.ਯੂ.ਆਈ. ਵੱਲੋਂ ਵਿਰੋਧ ਪ੍ਰਦਰਸ਼ਨ ਵਜੋਂ ਸੈਕਟਰ 35 ਸਥਿਤ ਕਾਂਗਰਸ ਭਵਨ ਦੇ ਨਜ਼ਦੀਕ ਚਾਹ ਪਕੌੜੇ ਵੇਚੇ ਗਏ।
ਇਸ ਮੌਕੇ ਗੱਲਬਾਤ ਕਰਦਿਆਂ ਜਥੇਬੰਦੀ ਦੇ ਆਗੂ ਅਤਿੰਦਰਜੀਤ ਸਿੰਘ ਰੌਬੀ ਨੇ ਕਿਹਾ ਕਿ ਕਰੋਨਾ ਵਾਇਰਸ ਮਹਾਂਮਾਰੀ ਨੇ ਪੂਰੀ ਦੁਨੀਆਂ ਨੂੰ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ। ਸਾਡੇ ਦੇਸ਼ ਵਿੱਚ ਵੱਡੇ ਵੱਡੇ ਫ਼ਿਲਮੀ ਅਦਾਕਾਰਾਂ, ਆਈ.ਏ.ਐਸ. ਤੇ ਪੀ.ਸੀ.ਐਸ. ਅਫ਼ਸਰਾਂ ਤੱਕ ਨੂੰ ਕਰੋਨਾ ਹੋਣ ਦੀਆਂ ਖ਼ਬਰਾਂ ਹਨ ਪ੍ਰੰਤੂ ਮੋਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਅਜਿਹੇ ਭਿਆਨਕ ਦੌਰ ਵਿੱਚ ਨਾ ਤਾਂ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਰੱਦ ਕੀਤੀਆਂ ਜਾ ਰਹੀਆਂ ਹਨ ਅਤੇ ਨਾ ਹੀ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿੱਚ ਨਰਮੀ ਲਿਆਂਦੀ ਜਾ ਰਹੀ ਹੈ।
ਜਥੇਬੰਦੀ ਦੇ ਸੋਸ਼ਲ ਮੀਡੀਆ ਰਾਸ਼ਟਰੀ ਚੇਅਰਮੈਨ ਮਨੋਜ ਲੁਬਾਣਾ ਦੇ ਨਾਲ ਤਰਲੋਚਨ ਸਿੰਘ, ਪ੍ਰਗਟ ਬਰਾੜ, ਰਾਜਕਰਨ ਬੈਦਵਾਨ, ਸਰਵੋਤਮ ਰਾਣਾ, ਮਨਪ੍ਰੀਤ ਸਿੰਘ ਮਾਹਲ, ਰਾਹੁਲ ਕੁਮਾਰ, ਸ਼ੁਭ ਸੇਖੋਂ ਨੇ ਕਿਹਾ ਕਿ ਐਨ.ਐਸ.ਯੂ.ਆਈ. ਵੱਲੋਂ ਪ੍ਰੀਖਿਆਵਾਂ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ ਅੱਜ ਛੇਵੇਂ ਦਿਨ ਵੀ ਜਾਰੀ ਰਹੀ ਪ੍ਰੰਤੂ ਸਰਕਾਰ ਵੱਲੋਂ ਪ੍ਰੀਖਿਆਵਾਂ ਰੱਦ ਕਰਵਾਉਣ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਦੇਸ਼ ਦੇ ਹਾਲਾਤ ਇਸੇ ਤਰ੍ਹਾਂ ਜਾਰੀ ਰੱਖੇ ਤਾਂ ਕੱਲ੍ਹ ਦਾ ਨਾਗਰਿਕ ਅਖਵਾਉਣ ਵਾਲੇ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਪੈ ਜਾਵੇਗਾ ਅਤੇ ਉਨ੍ਹਾਂ ਨੂੰ ਨੌਕਰੀਆਂ ਮਿਲਣ ਦੀ ਬਜਾਇ ਚਾਹ ਪਕੌੜੇ ਵੇਚਣ ਵਰਗੇ ਕੰਮ ਕਰਕੇ ਹੀ ਗੁਜ਼ਾਰਾ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਯੂ.ਜੀ.ਸੀ. ਵੱਲੋਂ ਸਤੰਬਰ ਮਹੀਨੇ ਵਿੱਚ ਪ੍ਰੀਖਿਆਵਾਂ ਲਏ ਜਾਣ ਸਬੰਧੀ ਜਾਰੀ ਹਦਾਇਤਾਂ ਨਾਲ ਵਿਦਿਆਰਥੀਆਂ ਵਿੱਚ ਕਰੋਨਾ ਫੈਲਣ ਦੀ ਦਹਿਸ਼ਤ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਚੰਡੀਗੜ੍ਹ ਦੇ ਲੋਕਾਂ ਦੀ ਚੁਣੀ ਹੋਈ ਭਾਜਪਾ ਪਾਰਟੀ ਨਾਲ ਸਬੰਧਿਤ ਮੈਂਬਰ ਪਾਰਲੀਮੈਂਟ ਕਿਰਨ ਖੇਰ ਅੱਜ ਵੀ ‘ਗੁੰਮ’ ਹੈ ਜੋ ਕਿ ਇਸ ਭਿਆਨਕ ਦੌਰ ਵਿੱਚ ਛੁਪ ਕੇ ਬੈਠੇ ਹੋਏ ਹਨ। ਲੁਬਾਣਾ ਨੇ ਮੰਗ ਕੀਤੀ ਕਿ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਲੈਣ ਦਾ ਫ਼ੈਸਲਾ ਤੁਰੰਤ ਰੱਦ ਕਰਕੇ ਪਹਿਲੇ ਨਤੀਜਿਆਂ ਦੇ ਅਧਾਰ ’ਤੇ ਹੀ ਨਤੀਜੇ ਐਲਾਨੇ ਜਾਣ। ਇਸ ਦੇ ਨਾਲ ਹੀ ਤੇਲ ਕੀਮਤਾਂ ਵੀ ਘੱਟ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।