ਸਰਬਜੀਤ ਸਿੰਘ ਭੱਟੀ
ਲਾਲੜੂ, 23 ਅਕਤੂਬਰ
ਦੂਜੇ ਰਾਜਾ ਤੋਂ ਗੈਰਕਾਨੂੰਨੀ ਢੰਗ ਨਾਲ ਗਟਕਾ, ਪੱਥਰ, ਬਜਰੀ ਅਤੇ ਰੇਤੇ ਦੀ ਹੋ ਰਹੀ ਮਾਈਨਿੰਗ ਦੀ ਚੋਰੀ ਨੂੰ ਰੋਕਣ ਲਈ ਅੰਬਾਲਾ-ਨਰਾਇਣਗੜ੍ਹ ਮੁੱਖ ਮਾਰਗ ’ਚ ਹੰਡੇਸਰਾ ਨੇੜੇ ਅੰਤਰਰਾਜੀ ਨਾਕੇ ’ਤੇ ਵੱਡੇ ਪੱਧਰ ’ਤੇ ਬੇਨਿਯਮੀਆਂ ਹੋਣ ਦੇ ਦੋਸ਼ ਲੱਗ ਰਹੇ ਹਨ। ਸਮਾਜ ਸੇਵੀ ਆਗੂ ਸਰਦਾਰਾ ਸਿੰਘ ਵਾਸੀ ਹੰਡੇਸਰਾ ਨੇ ਖਣਨ, ਟਰਾਂਸਪੋਰਟ ਅਤੇ ਪੁਲੀਸ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਕਿ ਹੰਡੇਸਰਾ ਵਿੱਚ ਲਾਏ ਅੰਤਰਰਾਜੀ ਨਾਕੇ ’ਤੇ ਜੋ ਕੰਢੇ ਲਾਏ ਹਨ, ਉਹ ਵਰਤੋਂ ਵਿੱਚ ਨਹੀਂ ਲਿਆਂਦੇ ਜਾ ਰਹੇ। ਵਿਭਾਗ ਵਲੋਂ ਲਾਇਆ ਨਾਕਾ ਸੀਸੀਟੀਵੀ ਕੈਮਰਿਆਂ ਦੀ ਪਹੁੰਚ ਤੋਂ ਅੱਗੇ ਪਿੱਛੇ ਬੋੜਾਖੇੜਾ ਮੋੜ ’ਤੇ ਲਾਇਆ ਹੈ, ਜਦਕਿ ਹੰਡੇਸਰਾ ਚੌਕ ਵਿੱਚ ਪ੍ਰਸ਼ਾਸਨ ਵਲੋਂ ਸੀਸੀਟੀਵੀ ਕੈਮਰੇ ਵੀ ਲਾਏ ਹੋਏ ਹਨ। ਇਸ ਤੋਂ ਇਲਾਵਾ ਰਾਤ ਨੂੰ 11 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਟਿੱਪਰ ਅਤੇ ਟਰਾਲੀਆਂ ਰੇਤਾ, ਬਜਰੀ, ਪੱਥਰ ਹਰਿਆਣਾ ਵਾਲੇ ਪਾਸੇ ਤੋਂ ਲੈ ਕੇ ਆਉਂਦੇ ਹਨ, ਜੋ ਕਰੱਸ਼ਰ ਜ਼ੋਨ ਹੰਡੇਸਰਾ ਵਿੱਚ ਮਾਲ ਦੀ ਸਪਲਾਈ ਕਰਦੇ ਹਨ, ਜਿਸ ਕਾਰਨ ਲੱਖਾਂ ਰੁਪਏ ਦੀ ਟੈਕਸਾਂ ਦੀ ਚੋਰੀ ਹੋ ਰਹੀ ਹੈ। ਦਰਜਨਾਂ ਦੇ ਕਰੀਬ ਇਹੋ ਜਿਹੇ ਵਾਹਨ ਇਸ ਕੰਮ ਵਿੱਚ ਲੱਗੇ ਹੋਏ ਹਨ, ਜਿਨ੍ਹਾਂ ’ਤੇ ਕੋਈ ਨੰਬਰ ਪਲੇਟ ਨਹੀਂ ਲੱਗੀ ਹੋਈ। ਸਮਾਜ ਸੇਵੀ ਨੇ ਦੱਸਿਆ ਕਿ ਅੰਤਰਰਾਜੀ ਨਾਕੇ ’ਤੇ ਹਰ ਸਮੇਂ ਵਿਭਾਗ ਦੇ ਮੁਲਾਜ਼ਮਾਂ ਦੀ ਡਿਊਟੀ ਹੁੰਦੇ ਹੋਏ ਵੀ ਓਵਰਲੋਡ ਵਾਹਨਾਂ ਦੇ ਮਾਲ ਦੀ ਜਾਂਚ ਨਹੀਂ ਕੀਤੀ ਜਾ ਰਹੀ।
ਖਣਨ ਵਿਭਾਗ ਦੇ ਐੱਸਡੀਓ ਲਖਵੀਰ ਸਿੰਘ ਨੇ ਕਿਹਾ ਕਿ ਅੰਤਰਰਾਜੀ ਨਾਕੇ ’ਤੇ ਦਿਨ ਰਾਤ ਮੁਲਾਜ਼ਮ ਤਾਇਨਾਤ ਹਨ, ਜੇਕਰ ਕੋਈ ਬੇਨਿਯਮੀ ਉਨ੍ਹਾਂ ਦੇ ਧਿਆਨ ਵਿੱਚ ਆਈ ਤਾਂ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।