ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 25 ਮਈ
ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੀ ਅਗਵਾਈ ਹੇਠ ਗਠਿਤ ਟਾਸਕ ਫੋਰਸ ਕਮੇਟੀ ਨੇ ਅੱਜ ਮੁਹਾਲੀ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ ਵੱਖ ਵੱਖ ਥਾਵਾਂ ’ਤੇ ਬਾਲ ਮਜ਼ਦੂਰੀ ਸਬੰਧੀ ਚੈਕਿੰਗ ਕੀਤੀ ਗਈ। ਲੇਬਰ ਐਨਫੋਰਸਮੈਂਟ ਅਫ਼ਸਰ ਚੰਚਲ ਦੀਪ ਨੇ ਦੱਸਿਆ ਕਿ ਟਾਸਕ ਫੋਰਸ ਕਮੇਟੀ ਦਾ ਮੁੱਖ ਮੰਤਵ ਬਾਲ ਮਜ਼ਦੂਰੀ ਦਾ ਖ਼ਾਤਮਾ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਟਾਸਕ ਫੋਰਸ ਕਮੇਟੀ ਨੇ ਅੱਜ ਇੱਥੋਂ ਸੈਕਟਰ-70, ਪਿੰਡ ਮਟੌਰ ਸਮੇਤ ਹੋਰ ਵੱਖ ਵੱਖ ਥਾਵਾਂ ’ਤੇ ਸਥਿਤ ਢਾਬਿਆਂ ਅਤੇ ਰੈਸਟੋਰੈਂਟਾਂ ਦੀ ਛਾਪੇ ਮਾਰੇ। ਜਾਂਚ ਟੀਮ ਨੇ ਬਾਲ ਮਜ਼ਦੂਰੀ ਸਬੰਧੀ ਨਿਰੀਖਣ ਕੀਤਾ। ਇਸ ਦੌਰਾਨ ਦੋ ਬਾਲ ਕਿਰਤੀਆਂ ਨੂੰ ਬਚਾਇਆ ਗਿਆ ਅਤੇ ਉਨ੍ਹਾਂ ਦਾ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਫੇਜ਼-6 ’ਚ ਮੈਡੀਕਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਜਿੱਥੋਂ ਬਾਲ ਕਿਰਤੀ ਕੰਮ ਤੋਂ ਛੁਡਵਾਏ ਗਏ ਹਨ, ਉਨ੍ਹਾਂ ਦੇ ਮਾਲਕਾਂ ਵਿਰੁੱਧ ਚਾਈਲਡ ਲੇਬਰ ਐਕਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਸਬ ਇੰਸਪੈਕਟਰ ਵਲੈਤੀ ਰਾਮ, ਡਾ. ਰਾਜਬੀਰ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਨੁਮਾਇੰਦੇ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।