ਦਰਸ਼ਨ ਸਿੰਘ ਸੋਢੀ
ਮੁਹਾਲੀ, 18 ਜੂਨ
ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਥੱਲੇ ਡਿੱਗਣ ਤੋਂ ਬਚਾਉਣ ਅਤੇ ਸੁਧਾਰਨ ਦੇ ਮੱਦੇਨਜ਼ਰ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਇਸ ਸਾਲ 10 ਲੱਖ ਹੈਕਟੇਅਰ ਰਕਬਾ ਝੋਨੇ ਦੀ ਸਿੱਧੀ ਬਿਜਾਈ ਅਧੀਨ ਲਿਆਉਣ ਦਾ ਟੀਚਾ ਹੈ, ਜਦਕਿ ਪਿਛਲੇ ਸਾਲ 5.5 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੋਈ ਸੀ। ਅੱਜ ਇੱਥੇ ਵਧੀਕ ਮੁੱਖ ਸਕੱਤਰ (ਵਿਕਾਸ) ਅਨਿਰੁਧ ਤਿਵਾੜੀ ਨੇ ਪਿੰਡ ਸ਼ਾਹਪੁਰ ਵਿਖੇ ਕਿਸਾਨ ਬਲਜੀਤ ਸਿੰਘ ਵੱਲੋਂ 2 ਏਕੜ ਵਿੱਚ ਕੀਤੀ ਝੋਨੇ ਦੀ ਸਿੱਧੀ ਬਿਜਾਈ ਅਤੇ ਸਿੰਜਾਈ ਲਈ ਅਪਣਾਈ ਫੁਹਾਰਾ ਤਕਨੀਕ ਦਾ ਜਾਇਜ਼ਾ ਲੈਣ ਮੌਕੇ ਇਹ ਗੱਲ ਕਹੀ। ਉਨ੍ਹਾਂ ਨੇ ਕਿਸਾਨ ਸੁਖਵਿੰਦਰ ਸਿੰਘ ਸ਼ਾਹਪੁਰ ਵੱਲੋਂ ਕੀਤੀ ਝੋਨੇ ਦੀ ਸਿੱਧੀ ਬਿਜਾਈ ਅਤੇ ਤੁਪਕਾ ਸਿੰਜਾਈ ਤਕਨੀਕ ਦਾ ਵੀ ਜਾਇਜ਼ਾ ਲਿਆ। ਇਸ ਪਿੰਡ ਵਿੱਚ ਪਾਇਲਟ ਪ੍ਰਾਜੈਕਟ ਤਹਿਤ ਤੁਪਕਾ ਸਿੰਜਾਈ ਤਕਨੀਕ ਲਾਗੂ ਕੀਤੀ ਗਈ ਹੈ, ਜਿਸ ਵਿੱਚ ਮੋਟਰ ਜਾਂ ਪ੍ਰੈਸ਼ਰ ਦੀ ਲੋੜ ਨਹੀਂ ਪੈਂਦੀ। ਇਸ ਮੌਕੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਸੁਖਦੇਵ ਸਿੰਘ, ਮੁੱਖ ਭੂਮੀਪਾਲ ਰਾਜੇਸ਼ ਵਸ਼ਿਸ਼ਟ, ਐੱਸਡੀਐੱਮ ਹਿਮਾਂਸ਼ੂ ਜੈਨ, ਮੁੱਖ ਖੇਤੀਬਾੜੀ ਅਫ਼ਸਰ ਰਾਜੇਸ਼ ਕੁਮਾਰ ਰਹੇਜਾ, ਡਵੀਜ਼ਨਲ ਭੂਮੀ ਰੱਖਿਆ ਅਫ਼ਸਰ ਹਰਜਿੰਦਰ ਸਿੰਘ, ਖੇਤੀਬਾੜੀ ਅਫ਼ਸਰ ਮਾਜਰੀ ਗੁਰਬਚਨ ਸਿੰਘ, ਖੇਤੀਬਾੜੀ ਅਫ਼ਸਰ ਖਰੜ ਸੰਦੀਪ ਕੁਮਾਰ, ਬਹਾਦਰ ਸਿੰਘ ਸਰਪੰਚ ਪਿੰਡ ਠਸਕਾ, ਕਿਸਾਨ ਬਲਜੀਤ ਸਿੰਘ, ਮੇਵਾ ਸਿੰਘ, ਅਵਤਾਰ ਸਿੰਘ, ਦਿਲਵਰ ਸਿੰਘ, ਭੁਪਿੰਦਰ ਸਿੰਘ ਬਦਨਪੁਰ, ਬਲਜਿੰਦਰ ਸਿੰਘ ਭਜੌਲੀ, ਅਵਤਾਰ ਸਿੰਘ ਤੀੜਾ ਤੇ ਹੋਰ ਪਤਵੰਤੇ ਹਾਜ਼ਰ ਸਨ।
ਵਧੀਕ ਮੁੱਖ ਸਕੱਤਰ (ਵਿਕਾਸ) ਅਨਿਰੁਧ ਤਿਵਾੜੀ ਨੇ ਖੇਤੀਬਾੜੀ ਸਬੰਧੀ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਵੀ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਸੁਝਾਅ ਵੀ ਲਏ। ਕਿਸਾਨਾਂ ਨੇ ਕੁਦਰਤੀ ਆਫ਼ਤਾਂ ਕਾਰਨ ਨੁਕਸਾਨੀਆਂ ਜਾਂਦੀਆਂ ਫਸਲਾਂ ਦਾ ਮੁਆਵਜ਼ਾ, ਫਸਲ ਬੀਮਾ, ਲਾਵਾਰਿਸ ਪਸ਼ੂਆਂ ਦੇ ਪ੍ਰਬੰਧਨ, ਨਹਿਰੀ ਪਾਣੀ ਮੁਹੱਈਆ ਕਰਵਾਉਣਾ, ਵੱਧ ਤੋਂ ਵੱਧ ਖੇਤੀ ਸੰਦਾਂ ਨੂੰ ਸਬਸਿਡੀ ਦੇ ਘੇਰੇ ਵਿੱਚ ਲਿਆਉਣ ਦੀ ਮੰਗ ਕੀਤੀ। ਸ੍ਰੀ ਤਿਵਾੜੀ ਨੇ ਇਨ੍ਹਾਂ ਮੁਸ਼ਕਲਾਂ ਦੇ ਹੱਲ ਦਾ ਭਰੋਸਾ ਦਿੱਤਾ।