ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 22 ਜੁਲਾਈ
ਇਥੋਂ ਦੇ ਸੈਣੀ ਮੁਹੱਲਾ ਵਸਨੀਕ 45 ਸਾਲਾ ਦੀ ਦਰਜੀ ਦੀ ਸ਼ੱਕੀ ਹਾਲਤ ਵਿੱਚ ਮੌਤ ਦੇ ਮਾਮਲੇ ਵਿੱਚ ਪੁਲੀਸ ਨੇ ਸਵਾ ਚਾਰ ਮਹੀਨੇ ਮਗਰੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਇਹ ਕੇਸ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ ‘ਤੇ ਦਰਜ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਥੋਂ ਦੀ ਬਰਵਾਲਾ ਰੋਡ ‘ਤੇ 45 ਸਾਲਾ ਦੇ ਦਰਜੀ ਦੀ 13 ਮਾਰਚ ਦੀ ਸਵੇਰੇ ਖੇਤਾਂ ਵਿਚੋਂ ਲਾਸ਼ ਮਿਲੀ ਸੀ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਸੈਣੀ ਵਜੋਂ ਹੋਈ ਸੀ, ਜੋ ਬਰਵਾਲਾ ਸੜਕ ’ਤੇ ਰਿੰਕੂ ਟੇਲਰ ਦੇ ਨਾਂ ਹੇਠ ਦੁਕਾਨ ਕਰਦਾ ਸੀ। ਮ੍ਰਿਤਕ ਦੇ ਸਿਰ ‘ਤੇ ਸੱਟ ਲਗੀ ਹੋਈ ਸੀ, ਜਿਸਦੇ ਆਧਾਰ ’ਤੇ ਉਸ ਦੇ ਪਰਿਵਾਰ ਵੱਲੋਂ ਉਸ ਵੇਲੇ ਤੋਂ ਕਤਲ ਹੋਣ ਦਾ ਸ਼ੱਕ ਪ੍ਰਗਟਾਇਆ ਗਿਆ ਸੀ। ਮ੍ਰਿਤਕ ਦੀ ਪਤਨੀ ਅਮਰਜੀਤ ਕੌਰ ਨੇ ਦੱਸਿਆ ਕਿ ਜਸਵਿੰਦਰ ਦੀ ਲਾਸ਼ ਅਤੇ ਮੋਟਰਸਾਈਕਲ ਜਿਸ ਥਾਂ ਤੋਂ ਮਿਲਿਆ ਹੈ, ਉਸ ਥਾਂ ’ਤੇ ਸਾਈਕਲ ਸਵਾਰ ਵੀ ਬਹੁਤ ਮੁਸ਼ਕਲ ਨਾਲ ਪਹੁੰਚਦਾ ਹੈ ਪਰ ਉਨ੍ਹਾਂ ਨੂੰ ਸਮਝ ਨਹੀ ਆ ਰਿਹਾ ਕਿ ਉਹ ਮੋਟਰਸਾਈਕਲ ’ਤੇ ਉਥੇ ਕਿਵੇਂ ਪਹੁੰਚ ਗਿਆ। ਮ੍ਰਿਤਕ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਅਤੇ ਦੋ ਬੱਚੇ ਹਨ। ਥਾਣਾ ਮੁਖੀ ਸਹਾਇਕ ਇੰਸਪੈਕਟਰ ਸਤਿੰਦਰ ਸਿੰਘ ਨੇ ਦੱਸਿਆ ਪਹਿਲਾਂ ਧਾਰਾ 174 ਤਹਿਤ ਕੇਸ ਦਰਜ ਕੀਤਾ ਸੀ ਜਦਕਿ ਹੁਣ ਮ੍ਰਿਤਕ ਦੀ ਪਤਨੀ ਅਮਰਜੀਤ ਕੌਰ ਦੇ ਬਿਆਨ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਦੱਸਿਆ ਕਿ ਹਾਲੇ ਤੱਕ ਪੋਸਟਮਾਰਟਮ ਰਿਪੋਰਟ ਨਹੀਂ ਮਿਲੀ। ਰਿਪੋਰਟ ਮਿਲਣ ਮਗਰੋਂ ਮੌਤ ਦੇ ਕਾਰਨ ਸਾਹਮਣੇ ਆਉਣਗੇ।