ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 21 ਅਗਸਤ
ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਬਣੀ ਜੰਗੀ ਯਾਦਗਾਰ ਅਤੇ 328 ਫੁੱਟ ਉੱਚੇ ਫ਼ਤਹਿ ਮੀਨਾਰ ਕਾਰਨ ਵਿਸ਼ਵ ਦੇ ਨਕਸ਼ੇ ’ਤੇ ਆਏ ਇੱਥੋਂ ਦੇ ਇਤਿਹਾਸਕ ਪਿੰਡ ਚੱਪੜਚਿੜੀ ਖੁਰਦ ਦੇ ਬਾਸ਼ਿੰਦਿਆਂ ’ਤੇ ਉਜਾੜੇ ਦੀ ਤਲਵਾਰ ਲਟਕ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਬਹੁਗਿਣਤੀ ਪਿੰਡ ਵਾਸੀਆਂ ਨੂੰ ਪੰਜਾਬ ਪ੍ਰੀਮਿਸਿਜ਼ ਐਂਡ ਲੈਂਡ (ਇਵਿਕਸ਼ਨ ਐਂਡ ਰੈਂਟ ਰਿਕਵਰੀ ਐਕਟ) 1973 ਦੀ ਧਾਰਾ 4 ਤੇ 5 ਤਹਿਤ ਨੋਟਿਸ ਜਾਰੀ ਕੀਤੇ ਹਨ। ਇਸ ਸਬੰਧੀ ਸਬੰਧਤ ਮਕਾਨ ਮਾਲਕਾਂ ਨੂੰ 23 ਅਗਸਤ ਨੂੰ ਡੀਡੀਪੀਓ ਦੀ ਅਦਾਲਤ ਵਿੱਚ ਪੇਸ਼ ਹੋ ਕੇ ਉਨ੍ਹਾਂ ਦੇ ਕਬਜ਼ੇ ਹੇਠਲੀ ਜ਼ਮੀਨ ਅਤੇ ਰਿਹਾਇਸ਼ੀ ਘਰਾਂ ਦੀ ਮਾਲਕੀ ਦੇ ਸਬੂਤ ਦੇਣ ਲਈ ਕਿਹਾ ਗਿਆ ਹੈ।
ਪਿੰਡ ਦੇ ਨੰਬਰਦਾਰ ਬਲਜੀਤ ਸਿੰਘ, ਜਗਜੀਤ ਸਿੰਘ, ਸਾਬਕਾ ਸਰਪੰਚ ਸੂਬੇਦਾਰ ਸੁਰਜੀਤ ਸਿੰਘ, ਸੂਬੇਦਾਰ ਭੁਪਿੰਦਰ ਸਿੰਘ, ਗੁਰਜੀਤ ਸਿੰਘ ਖਾਲਸਾ, ਗੁਰਦੇਵ ਸਿੰਘ, ਸੁਖਜੀਤ ਸਿੰਘ ਤੇ ਸੁਰਿੰਦਰ ਕੌਰ ਆਦਿ ਨੇ ਦੱਸਿਆ ਕਿ ਉਹ ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਇੱਥੇ ਆਪਣੇ ਪਰਿਵਾਰਾਂ ਸਮੇਤ ਰਹਿ ਰਹੇ ਹਨ, ਪ੍ਰੰਤੂ ਹੁਣ ਉਨ੍ਹਾਂ ਤੋਂ ਘਰਾਂ ਦੀ ਮਾਲਕੀ ਦੇ ਸਬੂਤ ਮੰਗੇ ਜਾ ਰਹੇ ਹਨ। ਪੀੜਤ ਲੋਕਾਂ ਨੇ ਦੱਸਿਆ ਕਿ ਜਿਸ ਥਾਂ ’ਤੇ ਉਹ ਰਹਿੰਦੇ ਹਨ ਉਸ ਦਾ ਕਿਰਾਇਆ (ਜਦੋਂ ਤੋਂ ਉਹ ਰਹਿ ਰਹੇ ਨੇ) ਵਸੂਲਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਾਨੂੰਗੋ ਤੇ ਪਟਵਾਰੀ ਦੀ 23 ਅਗਸਤ 2019 ਦੀ ਇਕ ਹੱਥ ਲਿਖਤ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਬੰਧਤ ਜ਼ਮੀਨ ਆਬਾਦੀ ਦੇਹ ਹੈ ਜਦੋਂਕਿ ਸਰਕਾਰ ਇਸ ਨੂੰ ਗਰੀਨ ਬੈਲਟ ਦੱਸ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇੱਥੋਂ ਨਾ ਉਜਾੜਿਆ ਜਾਵੇ।
ਕੀ ਕਹਿੰਦੇ ਨੇ ਅਧਿਕਾਰੀ
ਡੀਡੀਪੀਓ ਸੁਖਚੈਨ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਨੂੰ ਸਰਕਾਰੀ ਨੇਮਾਂ ਮੁਤਾਬਕ ਨੋਟਿਸ ਭੇਜੇ ਗਏ ਹਨ ਅਤੇ ਹਾਈ ਕੋਰਟ ਦੇ ਹੁਕਮਾਂ ਤਹਿਤ ਨਾਜਾਇਜ਼ ਕਬਜ਼ੇ ਵਾਲੀ ਜ਼ਮੀਨ ਛੁਡਾਉਣ ਲਈ ਪੈਰਵੀ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਅਦਾਲਤ ਵਿਚ ਇਹ ਕੇਸ 2015 ਤੋਂ ਚੱਲ ਰਿਹਾ ਹੈ ਅਤੇ ਹੁਣ ਸਬੰਧਤ ਵਿਅਕਤੀਆਂ ਕੋਲੋਂ ਜ਼ਮੀਨ ਮਾਲਕੀ ਦੇ ਸਬੂਤ ਮੰਗੇ ਗਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਲੋਕਾਂ ਨੂੰ ਵਸਾਉਣ ਲਈ ਜ਼ਮੀਨ ਅਲਾਟ ਕੀਤੀ ਸੀ। ਜਿਨ੍ਹਾਂ ਪਿੰਡ ਵਾਸੀਆਂ ਕੋਲ ਅਲਾਟਮੈਂਟ ਦੇ ਸਬੂਤ ਨਹੀਂ ਹੋਣਗੇ, ਉਨ੍ਹਾਂ ਤੋਂ ਕਬਜ਼ੇ ਵਾਲੀ ਜ਼ਮੀਨ ਛੁਡਾਈ ਜਾਵੇਗੀ।