ਪੱਤਰ ਪ੍ਰੇਰਕ
ਕੁਰਾਲੀ, 15 ਜੂਨ
ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਚੱਲ ਰਹੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਆਗੂ ਅਤੇ ਕੌਂਸਲ ਪ੍ਰਧਾਨ ਵਿਚਕਾਰ ਹੋਏ ਵਿਵਾਦ ਤੋਂ ਬਾਅਦ ਸਫ਼ਾਈ ਕਰਮਚਾਰੀ ਰੋਹ ਵਿੱਚ ਆ ਗਏ। ਇਸ ਦੌਰਾਨ ਪਹਿਲਾਂ ਤੋਂ ਹੜਤਾਲ ’ਤੇ ਬੈਠੇ ਸਫਾਈ ਕਰਮਚਾਰੀਆਂ ਨੇ ਨਾਅਰੇਬਾਜ਼ੀ ਕੀਤੀ ਤੇ ਕੌਂਸਲ ਦਫ਼ਤਰ ਦੇ ਦੋਵੇਂ ਗੇਟਾਂ ਅੱਗੇ ਗੰਦਗੀ ਦੇ ਢੇਰ ਲਗਾ ਕੇ ਸੰਘਰਸ਼ ਨੂੰ ਪੰਜਾਬ ਸਰਕਾਰ ਦੀ ਥਾਂ ਕੁਰਾਲੀ ਦੀ ਨਗਰ ਕੌਂਸਲ ਵੱਲ ਨੂੰ ਮੋੜਾ ਦੇ ਦਿੱਤਾ।
ਕੌਂਸਲ ਦੇ ਸਫ਼ਾਈ ਕਰਮਚਾਰੀਆਂ ਦੀ ਇੱਕ ਮਹੀਨੇ ਤੋਂ ਵੀ ਵਧੇਰੇ ਸਮੇਂ ਤੋਂ ਚੱਲੀ ਆ ਰਹੀ ਹੜਤਾਲ ਕਾਰਨ ਪ੍ਰੇਸ਼ਾਨ ਸ਼ਹਿਰੀਆਂ ਦੇ ਇੱਕ ਵਫ਼ਦ ਨੇ ਕੌਂਸਲ ਦਫ਼ਤਰ ’ਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਮੰਗ ਪੱਤਰ ਸੌਂਪਦਿਆਂ ਸ਼ਹਿਰ ਦੀ ਸਫ਼ਾਈ ਦੇ ਬਦਲਵੇਂ ਪ੍ਰਬੰਧ ਦੀ ਮੰਗ ਕੀਤੀ। ਸ਼ਹਿਰੀਆਂ ਦੇ ਵਫ਼ਦ ’ਚ ਰਾਣਾ ਜਸਵੀਰ ਸਿੰਘ ਰਾਠੌਰ, ਸੰਜੀਵ ਟੰਡਨ,ਦਿਨੇਸ਼ ਗੌਤਮ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਰਜਿੰਦਰ ਮੋਹਨ ਵਰਮਾ, ਜਗਦੀਪ ਕੌਰ, ਭੁਪਿੰਦਰ ਕੌਰ, ਰਾਜ ਕਮਲ, ਮਹਿਮਾ ਸਿੰਘ ਆਦਿ ਦੇ ਵਫ਼ਦ ਨੇ ਫੈਲੀ ਗੰਦਗੀ ਤੇ ਨਿਕਾਸੀ ਦੇ ਠੱਪ ਪ੍ਰਬੰਧਾਂ ਤੋਂ ਪ੍ਰੇਸ਼ਾਨ ਸ਼ਹਿਰੀਆਂ ਦੀ ਮੰਗ ਰੱਖਦਿਆਂ ਮੰਗ ਪੱਤਰ ਕੌਂਸਲ ਦੇ ਲੇਖਾਕਾਰ ਨੂੰ ਸੌਂਪਿਆ। ਇਸੇ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵੀ ਦਫ਼ਤਰ ਪੁੱਜ ਗਏ। ਸਫ਼ਾਈ ਕਾਮਿਆਂ ਨੇ ਦੋਸ਼ ਲਾਇਆ ਕਿ ਕੌਂਸਲ ਪ੍ਰ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵੱਲੋਂ ਉਨ੍ਹਾਂ ਦੀ ਜਥੇਬੰਦੀ ਦੇ ਪ੍ਰਧਾਨ ਨਾਲ ਮਾੜਾ ਵਿਵਹਾਰ ਕੀਤਾ ਹੈ। ਇਸੇ ਦੌਰਾਨ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਸ਼ਿਵ ਕੁਮਾਰ ਨੇ ਕਿਹਾ ਕਿ ਉਹ ਸ਼ਹਿਰੀਆਂ ਦੇ ਵਫ਼ਦ ਦੀ ਹਾਜ਼ਰੀ ’ਚ ਗੱਲਬਾਤ ਕਰਨ ਲਈ ਦਫ਼ਤਰ ਨੂੰ ਜਾ ਰਹੇ ਸਨ ਕਿ ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਉਸਨੂੰ ਉਥੋਂ ਬਾਹਰ ਜਾਣ ਲਈ ਕਹਿ ਦਿੱਤਾ। ਕੁਝ ਸਮੇਂ ਬਾਅਦ ਹੀ ਸਫ਼ਾਈ ਕਾਮਿਆਂ ਨੇ ਕੌਂਸਲ ਦਫ਼ਦਰ ਦੇ ਦੋਵੇਂ ਮੁੱਖ ਗੇਟਾਂ ਅੱਗੇ ਗੰਦਗੀ ਦੀਆਂ ਭਰੀਆਂ ਟਰਾਲੀਆਂ ਢੇਰੀ ਕਰ ਦਿੱਤੀਆਂ।
ਸਫ਼ਾਈ ਕਰਮਚਾਰੀ ਯੂਨੀਅਨ ਦੀ ਇਕਾਈ ਦੇ ਪ੍ਰਧਾਨ ਅਵਿਨਾਸ਼ ਚੰਦਰ ਨੇ ਕਿਹਾ ਕਿ ਕਿਸੇ ਵੀ ਆਗੂ ਦੀ ਬੇਇੱਜਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਸਬੰਧੀ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਉਨ੍ਹਾਂ ਸ਼ਹਿਰੀਆਂ ਦੇ ਵਫ਼ਦ ਦੀ ਗੱਲ ਸੁਣਨੀ ਸੀ ਤੇ ਬਾਅਦ ’ਚ ਸਫ਼ਾਈ ਮੁਲਾਜ਼ਮਾਂ ਨਾਲ ਗੱਲਬਾਤ ਕਰਨੀ ਸੀ। ਉਨ੍ਹਾਂ ਕਿਸੇ ਨੂੰ ਵੀ ਦਫ਼ਤਰ ਤੋਂ ਬਾਹਰ ਕੱਢਣ ਤੋਂ ਇਨਕਾਰ ਕੀਤਾ।