ਸੁਖਵਿੰਦਰ ਪਾਲ ਸਿੰਘ ਸੋਢੀ
ਚੰਡੀਗੜ੍ਹ, 2 ਅਪਰੈਲ
ਯੂਟੀ ਦੇ ਸਕੂਲਾਂ ਵਿੱਚ ਨਵਾਂ ਸੈਸ਼ਨ ਸ਼ੁਰੂ ਹੋ ਗਿਆ ਹੈ। ਕਈ ਸਕੂਲ ਨਤੀਜਿਆਂ ਤੋਂ ਬਾਅਦ ਖੁੱਲ੍ਹ ਗਏ ਹਨ ਤੇ ਕਈ ਸਕੂਲਾਂ ਨੇ ਅਗਲੇ ਹਫ਼ਤੇ ਤੋਂ ਸਕੂਲ ਖੋਲ੍ਹਣੇ ਹਨ। ਇਸ ਦੌਰਾਨ ਅੱਜ ਆਪਣੇ ਬੱਚਿਆਂ ਦੀਆਂ ਸਕੂਲ ਦੀਆਂ ਕਿਤਾਬਾਂ ਖਰੀਦਣ ਲੱਗਿਆਂ ਮਾਪਿਆਂ ਦਾ ਖਾਸਾ ਪਸੀਨਾ ਨਿਕਲਿਆ। ਕਈ ਪੁਸਤਕ ਵਿਕਰੇਤਾਵਾਂ ਦੀਆਂ ਦੁਕਾਨਾਂ ਦੇ ਬਾਹਰ ਤਾਂ ਲੰਬੀਆਂ ਕਤਾਰਾਂ ਲੱਗ ਗਈਆਂ ਜਿਸ ਕਾਰਨ ਉਨ੍ਹਾਂ ਨੇ ਟੋਕਨ ਸਿਸਟਮ ਰਾਹੀਂ ਹੀ ਕਿਤਾਬਾਂ ਮੁਹੱਈਆਂ ਕਰਵਾਈਆਂ। ਇਹ ਵੀ ਪਤਾ ਲੱਗਾ ਹੈ ਕਿ ਕਈ ਦੁਕਾਨਾਂ ਵਿੱਚ ਕਿਤਾਬਾਂ ਖਰੀਦਣ ਲਈ ਪੰਜ ਤੋਂ ਛੇ ਘੰਟੇ ਇੰਤਜ਼ਾਰ ਕਰਨਾ ਪਿਆ।
ਮਾਪਿਆਂ ਨੇ ਮੰਗ ਕੀਤੀ ਕਿ ਚੰਡੀਗੜ੍ਹ ਵਿੱਚ ਪੁਸਤਕਾਂ ਦੇ ਵੱਧ ਸੈਂਟਰ ਬਣਾਏ ਜਾਣ। ਜਾਣਕਾਰੀ ਮੁਤਾਬਕ ਨਵਾਂ ਸੈਸ਼ਨ ਸ਼ੁਰੂ ਹੁੰਦਿਆਂ ਤੇ ਛੁੱਟੀ ਵਾਲੇ ਦਿਨ ਕਾਰਨ ਅੱਜ ਵੱਡੀ ਗਿਣਤੀ ਮਾਪਿਆਂ ਨੇ ਪੁਸਤਕਾਂ ਵਾਲੀਆਂ ਦੁਕਾਨਾਂ ਵੱਲ ਰੁਖ਼ ਕੀਤਾ। ਸਭ ਤੋਂ ਵੱਧ ਭੀੜ ਮਨਚੰਦਾ ਬੁੱਕ ਡਿੱਪੂ ਸੈਕਟਰ-19 ਵਿੱਚ ਲੱਗੀ। ਇਸ ਦੁਕਾਨ ’ਤੇ ਦੁਪਹਿਰ ਵੇਲੇ ਇਹ ਹਾਲ ਸੀ ਕਿ ਮਾਪਿਆਂ ਨੇ ਨਾਲ ਦੇ ਸ਼ੋਅਰੂਮਾਂ ਦੇ ਅਹਾਤਿਆਂ ’ਤੇ ਵੀ ਕਬਜ਼ਾ ਕਰ ਲਿਆ। ਇਸ ਦੁਕਾਨ ’ਤੇ ਆਪਣੇ ਬੱਚੇ ਦੀਆਂ ਕਿਤਾਬਾਂ ਖ਼ਰੀਦਣ ਲਈ ਆਏ ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਦੁਪਹਿਰ ਬਾਰਾਂ ਵਜੇ ਦੇ ਕਰੀਬ ਦੁਕਾਨ ’ਤੇ ਪੁੱਜੇ ਤਾਂ ਇੱਕ ਘੰਟਾ ਤਾਂ ਉਨ੍ਹਾਂ ਨੂੰ ਬਾਹਰ ਹੀ ਖੜ੍ਹਨਾ ਪਿਆ। ਇਸ ਤੋਂ ਬਾਅਦ ਦੁਕਾਨ ਵਾਲਿਆਂ ਨੇ ਟੋਕਨ ਦਿੱਤਾ ਤੇ ਚਾਰ ਘੰਟੇ ਬਾਅਦ ਵਾਰੀ ਆਉਣ ਲਈ ਕਿਹਾ। ਉਨ੍ਹਾਂ ਦੀ ਵਾਰੀ ਛੇ ਵਜੇ ਦੇ ਕਰੀਬ ਆਈ। ਇਹੀ ਕਹਾਣੀ ਹੋਰ ਮਾਪਿਆਂ ਨੇ ਵੀ ਪੰਜਾਬੀ ਟ੍ਰਿਬਿਊਨ ਨਾਲ ਸਾਂਝੀ ਕੀਤੀ।
ਕਿਤਾਬਾਂ ਦੀ ਘਾਟ ਕਾਰਨ ਪ੍ਰੇਸ਼ਾਨੀ ਵਧੀ
ਸੱਯਾਦ ਅਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਭਵਨ ਵਿਦਿਆਲਿਆ ਦੀ ਅੱਠਵੀਂ ਜਮਾਤ ਦੀ ਹਿੰਦੀ ਤੇ ਇਤਿਹਾਸ ਦੀ ਪੁਸਤਕ ਨਹੀਂ ਮਿਲੀ। ਉਨ੍ਹਾਂ ਸੈਕਟਰ-22, 23 ਅਤੇ ਸਨਅਤੀ ਏਰੀਆ ਦੇ ਪੁਸਤਕ ਵਿਕਰੇਤਾਵਾਂ ਕੋਲ ਜਾ ਕੇ ਪੁੱਛਿਆ ਜਿਨ੍ਹਾਂ 10 ਤਰੀਕ ਤੋਂ ਬਾਅਦ ਕਿਤਾਬਾਂ ਲੈਣ ਲਈ ਕਿਹਾ। ਇਸ ਕਾਰਨ ਉਹ ਅੱਜ ਸਾਰਾ ਦਿਨ ਹੀ ਖੱਜਲ ਹੁੰਦੇ ਰਹੇ। ਦੂਜੇ ਪਾਸੇ ਮਨਚੰਦਾ ਬੁੱਕ ਸਟੋਰ ਦੇ ਮਾਲਕ ਸੌਰਭ ਮਨਚੰਦਾ ਨੇ ਦੱਸਿਆ ਕਿ ਉਨ੍ਹਾਂ ਕੋਲ ਕਿਸੇ ਵੀ ਪੁਸਤਕ ਦੀ ਕੋਈ ਘਾਟ ਨਹੀਂ ਹੈ ਪਰ ਭੀੜ ਹੋਣ ਕਾਰਨ ਉਨ੍ਹਾਂ ਸਾਰੇ ਮਾਪਿਆਂ ਨੂੰ ਟੋਕਨ ਸਿਸਟਮ ਰਾਹੀਂ ਹੀ ਕਿਤਾਬਾਂ ਦਿੱਤੀਆਂ ਹਨ।