ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਚੰਡੀਗੜ੍ਹ ਹਾਊਸਿੰਗ ਬੋਰਡ ਵਲੋਂ ਮੁੜ ਵਸੇਬਾ ਯੋਜਨਾ ਅਧੀਨ ਫਲੈਟਾਂ ਦੇ ਅਲਾਟੀਆਂ ਵਲੋਂ ਫਲੈਟਾਂ ਨੂੰ ਅੱਗੇ ਵੇਚਣ ਜਾਂ ਕਿਰਾਏ ‘ਤੇ ਦੇਣ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਫਲੈਟਾਂ ਦਾ ਸਰਵੇਖਣ ਕੀਤਾ ਜਾ ਰਿਹਾ ਹੈ। ਬੋਰਡ ਵਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਅੱਜ ਸਵੇਰੇ ਧਨਾਸ ਵਿਖੇ 8448 ਫਲੈਟਾਂ ਦਾ ਘਰ-ਘਰ ਸਰਵੇਖਣ ਸ਼ੁਰੂ ਕਰ ਦਿੱਤਾ ਗਿਆ। ਹਾਊਸਿੰਗ ਬੋਰਡ ਦੇ ਸੀਈਓ ਯਸ਼ਪਾਲ ਗਰਗ ਨੇ ਦੱਸਿਆ ਕਿ ਇਸ ਸਰਵੇਖਣ ਲਈ ਬੋਰਡ ਵਲੋਂ ਕੁੱਲ 30 ਟੀਮਾਂ ਬਣਾਈਆਂ ਗਈਆਂ ਹਨ। ਚੰਡੀਗੜ੍ਹ ਡਿਪਟੀ ਕਮਿਸ਼ਨਰ ਵੱਲੋਂ ਇੱਕ ਕਾਰਜਕਾਰੀ ਮੈਜਿਸਟਰੇਟ ਨਿਯੁਕਤ ਕੀਤਾ ਗਿਆ ਹੈ ਅਤੇ ਚੰਡੀਗੜ੍ਹ ਪੁਲੀਸ ਵੱਲੋਂ ਸਰਵੇਖਣ ਦੌਰਾਨ ਬੋਰਡ ਦੀ ਟੀਮ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਨ੍ਹਾਂ ਵਿਚੋਂ 13 ਟੀਮਾਂ ਨੇ ਸਰਵੇਖਣ ਦਾ ਕੰਮ ਪੂਰਾ ਕਰ ਲਿਆ ਹੈ। ਬਾਕੀ ਦੀਆਂ 17 ਟੀਮਾਂ ਨੇ ਲਗਪਗ ਨਿਰਧਾਰਤ ਸਰਵੇ ਦਾ ਕੰਮ ਪੂਰਾ ਕਰ ਲਿਆ ਹੈ।