ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 25 ਸਤੰਬਰ
ਕਾਂਗਰਸ ਹਾਈਕਮਾਂਡ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਕੈਪਟਨ ਦੇ ਨਜ਼ਦੀਕੀ ਪੰਜ ਕੈਬਨਿਟ ਮੰਤਰੀਆਂ ਦੀ ਵੀ ਛੁੱਟੀ ਕਰ ਦਿੱਤੀ ਗਈ ਹੈ। ਪੰਜਾਬ ਕੈਬਨਿਟ ’ਚੋਂ ਬਾਹਰ ਹੋਣ ਵਾਲੇ ਮੰਤਰੀਆਂ ਵਿੱਚ ਮੁਹਾਲੀ ਤੋਂ ਕਾਂਗਰਸੀ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਨਾਂ ਵੀ ਸ਼ਾਮਲ ਹੈ। ਇਕ ਪਾਸੇ ਜਿੱਥੇ ਚੰਨੀ ਵਜ਼ਾਰਤ ਵਿੱਚ ਸ਼ਾਮਲ ਨਵੇਂ ਮੰਤਰੀਆਂ ਦੇ ਘਰਾਂ ਵਿੱਚ ਜਸ਼ਨ ਮਨਾਏ ਜਾ ਰਹੇ ਹਨ ਅਤੇ ਸਮਰਥਕ ਢੋਲ ’ਤੇ ਭੰਗੜੇ ਪਾ ਕੇ ਖ਼ੁਸ਼ੀ ਮਨਾ ਰਹੇ ਹਨ ਉੱਥੇ ਹੀ ਸਿੱਧੂ ਸਣੇ ਬਾਕੀ ਛਾਂਟੀ ਕੀਤੇ ਮੰਤਰੀਆਂ ਦੇ ਘਰ ਸੰਨਾਟਾ ਪਸਰ ਗਿਆ ਹੈ ਤੇ ਉਨ੍ਹਾਂ ਦੇ ਸਮਰਥਕ ਵੀ ਕਾਫ਼ੀ ਨਿਰਾਸ਼ ਹਨ।
ਨਵੇਂ ਕੈਬਨਿਟ ਮੰਤਰੀਆਂ ਦੇ ਸਮਰਥਕਾਂ ਵੱਲੋਂ ਸ਼ਹਿਰ ਵਿੱਚ ਧੰਨਵਾਦ ਤੇ ਵਧਾਈਆਂ ਦੇਣ ਵਾਲੇ ਪੋਸਟਰ ਅਤੇ ਹੋਰਡਿੰਗ ਲਗਾਏ ਜਾ ਰਹੇ ਹਨ ਅਤੇ ਇਨ੍ਹਾਂ ਹੋਰਡਿੰਗਾਂ ’ਚੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬਲਬੀਰ ਸਿੰਘ ਸਿੱਧੂ ਦੀਆਂ ਤਸਵੀਰਾਂ ਗਾਇਬ ਹਨ ਜਦਕਿ ਹੋਰਡਿੰਗ ਲਗਾਉਣ ਵਾਲੇ ਵੀ ਕਾਂਗਰਸੀ ਵਰਕਰ ਹੀ ਹਨ। ਕਹਿਣ ਤੋਂ ਭਾਵ ਇਹ ਹੈ ਕਿ ਕੈਬਨਿਟ ’ਚੋਂ ਬਾਹਰ ਹੁੰਦੇ ਹੀ ਵਰਕਰਾਂ ਦੀਆਂ ਵਫ਼ਾਦਾਰੀਆਂ ਵੀ ਬਦਲ ਗਈਆਂ ਹਨ। ਸੋਸ਼ਲ ਮੀਡੀਆ ’ਤੇ ਅਪਲੋਡ ਕੀਤੇ ਅਜਿਹੇ ਪੋਸਟਰਾਂ ’ਤੇ ਵੀ ਕੈਪਟਨ ਅਮਰਿੰਦਰ ਅਤੇ ਬਲਬੀਰ ਸਿੱਧੂ ਦੀ ਫੋਟੋ ਨਹੀਂ ਹੈ। ਇੱਥੋਂ ਤੱਕ ਕਿ ਸਿੱਧੂ ਦੇ ਨੇੜਲੇ ਵਿਧਾਇਕ ਤੇ ਮੁਹਾਲੀ ਦੇ ਵਸਨੀਕ ਗੁਰਪ੍ਰੀਤ ਸਿੰਘ ਜੀਪੀ ਨੇ ਵੀ ਵਧਾਈ ਸੁਨੇਹੇ ਵਾਲੀ ਆਪਣੀ ਪੋਸਟ ’ਚ ਕੈਪਟਨ ਅਤੇ ਬਲਬੀਰ ਸਿੱਧੂ ਦੀ ਫੋਟੋ ਨਹੀਂ ਲਗਾਈ ਹੈ। ਉੱਧਰ, ਬਲਬੀਰ ਸਿੱਧੂ ਦੇ ਸਮਰਥਕਾਂ ਨੇ ਵੀ ਸੋਸ਼ਲ ਮੀਡੀਆ ’ਤੇ ਵੱਖੋ-ਵੱਖਰੀਆਂ ਪੋਸਟਾਂ ਅਪਲੋਡ ਕਰ ਕੇ ਕਾਂਗਰਸ ਹਾਈਕਮਾਂਡ ਤੋਂ ਤਾਜ਼ਾ ਫੈਸਲੇ ’ਤੇ ਮੁੜ ਵਿਚਾਰਨ ਕਰਨ ਦੀ ਮੰਗ ਕੀਤੀ ਹੈ। ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਜ਼ਿਲ੍ਹਾ ਕਾਂਗਰਸ ਘੱਟ ਗਿਣਤੀ ਸੈਲ ਦੇ ਚੇਅਰਮੈਨ ਅਨਵਰ ਹੁਸੈਨ, ਸਰਪੰਚ ਰਮਨਦੀਪ ਸਿੰਘ ਬੈਦਵਾਨ ਅਤੇ ਜੱਸੀ ਬੱਲੋਮਾਜਰਾ ਨੇ ਕਿਹਾ ਕਿ ਬਲਬੀਰ ਸਿੱਧੂ ਨੇ ਸਿਹਤ ਮੰਤਰੀ ਵਜੋਂ ਪੂਰੀ ਇਮਾਨਦਾਰੀ ਤੇ ਸੇਵਾ ਭਾਵਨਾ ਨਾਲ ਕੰਮ ਕੀਤਾ ਹੈ ਅਤੇ ਕਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਦੀ ਟੀਮ ਨੇ ਦਿਨ-ਰਾਤ ਕੰਮ ਕਰ ਕੇ ਪੰਜਾਬ ਦੇ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਇਆ ਹੈ। ਸ਼ਹਿਰ ਅਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵੀ ਬਿਨਾ ਕਿਸੇ ਪੱਖਪਾਤ ਤੋਂ ਦਿਲ ਖੋਲ੍ਹ ਕੇ ਗ੍ਰਾਂਟਾਂ ਦਿੱਤੀਆਂ ਹਨ। ਜਤਿੰਦਰ ਆਨੰਦ ਅਤੇ ਗੁਰਚਰਨ ਸਿੰਘ ਭੰਵਰਾ ਨੇ ਨਵੇਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਸਾਬਕਾ ਮੁੱਖ ਮੰਤਰੀ ਨਾਲ ਖੜ੍ਹੇ ਰਹਿਣ ਕਾਰਨ ਬਲਬੀਰ ਸਿੱਧੂ ਨੂੰ ਮੰਤਰੀ ਮੰਡਲ ਵਿੱਚ ਨਾ ਲੈਣਾ ਕਿੱਥੋਂ ਦਾ ਇਨਸਾਫ਼ ਹੈ?