ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਸਤੰਬਰ
ਚੰਡੀਗੜ੍ਹ ਨਗਰ ਨਿਗਮ ਦੇ ਕੌਂਸਲਰਾਂ ਦਾ ਗੋਆ ਤੇ ਮੁੰਬਈ ਦੇ ਸਟੱਡੀ ਟੂਰ ਸਬੰਧੀ ਸ਼ੁਰੂ ਹੋਇਆ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਟੂਰ ਦਾ ਨਿਗਮ ਦੀ ਹਾਊਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਨੇ ਖੁੱਲ੍ਹ ਕੇ ਵਿਰੋਧ ਕੀਤਾ ਤਾਂ ਕਾਂਗਰਸ ਨੇ ਵੀ ਪਾਰਟੀ ਦੇ ਸਿਰਫ਼ ਦੋ ਹੀ ਕੌਂਸਲਰਾਂ ਨੂੰ ਟੂਰ ’ਤੇ ਭੇਜਣ ਦੀ ਹਾਮੀ ਭਰੀ ਹੈ। ਇਸੇ ਦੌਰਾਨ ਚੰਡੀਗੜ੍ਹ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਨਗਰ ਨਿਗਮ ਦੇ ਸਾਬਕਾ ਮੇਅਰ ਸੁਭਾਸ਼ ਚਾਲਵਾ ਕੌਂਸਲਰਾਂ ਦੇ ਇਸ ਸਟੱਡੀ ਟੂਰ ਦੀ ਹਮਾਇਤ ਵਿੱਚ ਆ ਗਏ ਹਨ। ਉਨ੍ਹਾਂ ਸਟੱਡੀ ਟੂਰ ਨੂੰ ਕੌਂਸਲਰਾਂ ਅਤੇ ਸ਼ਹਿਰ ਲਈ ਲਾਹੇਵੰਦ ਦੱਸਿਆ ਹੈ।
ਸ੍ਰੀ ਚਾਵਲਾ ਨੇ ਕਿਹਾ ਕਿ ਕੁਝ ਲੋਕ ਕੌਂਸਲਰਾਂ ਦੇ ਸਟੱਡੀ ਟੂਰ ਦਾ ਵਿਰੋਧ ਕਿਉਂ ਕਰ ਰਹੇ ਹਨ, ਇਹ ਸਮਝ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਉਹ ਵੀ ਸਟੱਡੀ ਟੂਰ ਦਾ ਹਿੱਸਾ ਰਹੇ ਹਨ ਅਤੇ ਦੋ ਵਾਰ ਵਿਦੇਸ਼ਾਂ ਤੱਕ ਜਾ ਕੇ ਆਏ ਹਨ। ਹਰ ਵਾਰ ਟੂਰ ਦੀ ਵਿਸਥਾਰ ਵਿੱਚ ਰਿਪੋਰਟ ਤਿਆਰ ਕੀਤੀ ਜਾਂਦੀ ਹੈ। ਉਸ ਸਟੱਡੀ ਟੂਰ ਦੀ ਤਰਜ਼ ’ਤੇ ਸ਼ੁਰੂ ਹੋਏ ਕਈ ਪ੍ਰਾਜੈਕਟ ਅੱਜ ਵੀ ਚੱਲ ਰਹੇ ਹਨ ਜਦਕਿ ਕਈ ਪ੍ਰਾਜੈਕਟਾਂ ’ਤੇ ਕੰਮ ਹੀ ਨਹੀਂ ਹੋਇਆ। ਜਿਹੜੇ ਪ੍ਰਾਜੈਕਟ ਸ਼ੁਰੂ ਨਹੀਂ ਹੋਏ, ਉਹ ਕੌਂਸਲਰਾਂ ਦੀ ਨਹੀਂ ਬਲਕਿ ਨਿਗਮ ਦੇ ਅਧਿਕਾਰੀਆਂ ਦੀ ਅਣਗਹਿਲੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਨੂੰ ਟੂਰ ਉਸ ਥਾਂ ’ਤੇ ਭੇਜਣਾ ਚਾਹੀਦਾ ਹੈ, ਜਿੱਥੋਂ ਕੁਝ ਹਾਸਲ ਕਰ ਕੇ ਸਿਟੀ ਬਿਊਟੀਫੁੱਲ ਨੂੰ ਵਿਕਾਸ ਦੇ ਰਾਹ ’ਤੇ ਪਾਇਆ ਜਾ ਸਕੇ।
ਸਾਬਕਾ ਮੇਅਰ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਕੌਂਸਲਰ ਦੇ ਸਟੱਡੀ ਟੂਰ ਕੇਂਦਰ ਸਰਕਾਰ ਦੀਆਂ ਹਦਾਇਤਾਂ ’ਤੇ ਭੇਜੇ ਜਾਂਦੇ ਹਨ, ਇਸ ਲਈ ਨਗਰ ਨਿਗਮ ’ਤੇ ਇਸ ਦਾ ਕੋਈ ਵਿੱਤੀ ਬੋਝ ਨਹੀਂ ਪੈਂਦਾ ਹੈ ਬਲਕਿ ਕੇਂਦਰ ਸਰਕਾਰ ਹਰ ਸਾਲ 50 ਲੱਖ ਰੁਪਏ ਟੂਰ ਵਾਸਤੇ ਭੇਜਦੀ ਹੈ। ਇਸ 50 ਲੱਖ ਰੁਪਏ ਦੀ ਵਰਤੋਂ ਸਟੱਡੀ ਟੂਰ ’ਤੇ ਹੀ ਕੀਤੀ ਜਾ ਸਕਦੀ ਹੈ। ਸਟੱਡੀ ਟੂਰ ਦੇ ਫੰਡ ਨਾਲ ਕੌਂਸਲਰਾਂ ਅਤੇ ਅਧਿਕਾਰੀਆਂ ਨੂੰ ਦੂਜੀ ਥਾਂ ਭੇਜਿਆ ਜਾਂਦਾ ਹੈ, ਜਿੱਥੋਂ ਕੌਂਸਲਰ ਅਤੇ ਅਧਿਕਾਰੀ ਗਿਆਨ ਹਾਸਲ ਕਰ ਕੇ ਆਉਂਦੇ ਹਨ ਅਤੇ ਟੂਰ ਦੀ ਰਿਪੋਰਟ ਤਿਆਰ ਕੀਤੀ ਜਾਂਦੀ ਹੈ। ਉਸ ਰਿਪੋਰਟ ਦੇ ਆਧਾਰ ’ਤੇ ਸ਼ਹਿਰ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ ਕੀਤਾ ਜਾਂਦਾ ਹੈ। ਇਨ੍ਹਾਂ ਕੰਮਾਂ ਨੂੰ ਪੂਰਾ ਕਰਨ ਅਤੇ ਦੇਖਰੇਖ ਕਰਨ ਦੀ ਜ਼ਿੰਮੇਵਾਰੀ ਨਿਗਮ ਦੇ ਅਧਿਕਾਰੀਆਂ ਦੀ ਹੁੰਦੀ ਹੈ। ਨਗਰ ਨਿਗਮ ਵੱਲੋਂ ਕੌਂਸਲਰਾਂ ਦਾ ਗੋਆ ਅਤੇ ਮੁਬੰਈ ਸਟੱਡੀ ਟੂਰ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੌਂਸਲਰਾਂ ਦੇ ਸਟੱਡੀ ਟੂਰ ਦਾ ‘ਆਪ’ ਕੌਂਸਲਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਹ ਸਟੱਡੀ ਟੂਰ ਨੂੰ ਨਿਗਮ ਦੇ ਖ਼ਜ਼ਾਨੇ ’ਤੇ ਵਿੱਤੀ ਬੋਝ ਦੱਸ ਰਹੇ ਹਨ। ਉੱਧਰ ਕਾਂਗਰਸ ਪਾਰਟੀ ਵੱਲੋਂ ਸਾਰੇ ਕੌਂਸਲਰਾਂ ਦੀ ਥਾਂ ਪਾਰਟੀ ਦੇ ਸਿਰਫ਼ ਦੋ ਕੌਂਸਲਰ ਗੁਰਬਖਸ਼ ਰਾਵਤ ਅਤੇ ਜਸਬੀਰ ਸਿੰਘ ਬੰਟੀ ਨੂੰ ਸਟੱਡੀ ਟੂਰ ’ਤੇ ਭੇਜਣ ਦਾ ਫ਼ੈਸਲਾ ਲਿਆ ਗਿਆ ਹੈ।
‘ਗਾਰਬੇਜ ਪਲਾਂਟ ਵੀ ਸਟੱਡੀ ਟੂਰ ਦੀ ਦੇਣ, ਪਰ ਸਹੀ ਮਸ਼ੀਨਰੀ ਨਾ ਲੱਗਣ ਕਾਰਨ ਹੋਇਆ ਫੇਲ੍ਹ’
ਸੁਭਾਸ਼ ਚਾਵਲਾ ਨੇ ਕਿਹਾ ਕਿ ਪਿਛਲੀਆਂ ਤਿੰਨ ਚੋਣਾਂ ਵਿੱਚ ਗਾਰਬੇਜ ਪਲਾਂਟ ਵੱਡਾ ਮੁੱਦਾ ਬਣਦਾ ਰਿਹਾ ਹੈ ਪਰ ਇਸ ਦਾ ਹੱਲ ਅਜੇ ਤੱਕ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਇਹ ਗਾਰਬੇਜ ਪਲਾਂਟ ਵੀ ਸਟੱਡੀ ਟੂਰ ਦੀ ਦੇਣ ਸੀ। ਗਾਰਬੇਜ ਪਲਾਂਟ ਲਗਾਉਣ ਵੇਲੇ ਕੰਪਨੀ ਨੇ ਸਹੀ ਮਸ਼ੀਨਰੀ ਨਹੀਂ ਲਗਾਈ ਗਈ, ਜਿਸ ਦਾ ਕਾਂਗਰਸ ਨੇ ਵਿਰੋਧ ਕੀਤਾ ਸੀ। ਸ੍ਰੀ ਚਾਵਲਾ ਨੇ ਕਿਹਾ ਕਿ ਭਾਜਪਾ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਹਫੜਾ-ਦਫੜੀ ਵਿੱਚ ਗਾਰਬੇਜ ਪਲਾਂਟ ਦਾ ਉਦਘਾਟਨ ਕਰਵਾ ਦਿੱਤਾ। ਗਾਰਬੇਜ ਪਲਾਂਟ ਵਿੱਚ ਸਹੀ ਮਸ਼ੀਨਰੀ ਨਾ ਲੱਗੀ ਹੋਣ ਕਰ ਕੇ ਸ਼ਹਿਰ ਵਿੱਚ ਡੰਪਿੰਗ ਗਰਾਊਂਡ ਦੇ ਨਾਮ ’ਤੇ ਗੰਦਗੀ ਦਾ ਢੇਰ ਵਧਦਾ ਜਾ ਰਿਹਾ ਹੈ। ਇਸ ਨੂੰ ਹਟਾਉਣ ਲਈ ਮੁੜ ਰਣਨੀਤੀ ਉਲੀਕਣ ਦੀ ਲੋੜ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਤੋਂ ਰਾਹਤ ਦਿਵਾਈ ਜਾ ਸਕੇ।