ਪੱਤਰ ਪ੍ਰੇਰਕ
ਚੰਡੀਗੜ੍ਹ, 12 ਨਵੰਬਰ
ਯੂ.ਟੀ. ਚੰਡੀਗੜ੍ਹ ਦੇ ਸਿਹਤ ਵਿਭਾਗ ਵੱਲੋਂ ਬਰਖਾਸਤ ਕੀਤੇ ਸਿਹਤ ਕਾਮਿਆਂ ਦੇ ਜੀਐੱਮਐੱਸਐੱਚ -16 ਦੇ ਬਾਹਰ ਸੜਕ ਕਿਨਾਰੇ ਚੱਲ ਰਿਹਾ ਲਗਾਤਾਰ ਧਰਨਾ ਅਤੇ ਭੁੱਖ ਹੜਤਾਲ ਅੱਜ 16ਵੇਂ ਦਿਨ ਵੀ ਜਾਰੀ ਰਿਹਾ। ਐੱਨਐੱਚਐੱਮ ਐਂਪਲਾਈਜ਼ ਯੂਨੀਅਨ ਦੀ ਪ੍ਰਧਾਨ ਬਬੀਤਾ ਰਾਵਤ ਦੀ ਅਗਵਾਈ ਹੇਠ ਚੱਲ ਰਹੇ ਇਸ ਧਰਨੇ ਵਿੱਚ ਸੰਯੁਕਤ ਕਰਮਚਾਰੀ ਮੋਰਚਾ ਚੰਡੀਗੜ੍ਹ ਵੱਲੋਂ ਪੂਰਨ ਸਮਰਥਨ ਦਿੱਤਾ ਗਿਆ ਜਿਸ ਦੇ ਚੱਲਦਿਆਂ ਯੂਟੀ ਚੰਡੀਗੜ੍ਹ ਦੀਆਂ ਸਾਰੀਆਂ ਮੁਲਾਜ਼ਮ ਫੈਡਰੇਸ਼ਨਾਂ ਨੇ ਸ਼ਿਰਕਤ ਕੀਤੀ ਅਤੇ ਕਾਮਿਆਂ ਨੂੰ ਨੌਕਰੀਓਂ ਕੱਢੇ ਜਾਣ ਦੀ ਕਾਰਵਾਈ ਖਿਲਾਫ਼ ਪ੍ਰਸ਼ਾਸਨ ਦੀ ਖੁੱਲ੍ਹ ਕੇ ਨਿੰਦਾ ਕੀਤੀ।
ਸੰਯੁਕਤ ਕਰਮਰਚਾਰੀ ਮੋਰਚਾ ਚੰਡੀਗੜ੍ਹ ਤੋਂ ਰਾਜਿੰਦਰ ਸਿੰਘ, ਕਨਵੀਨਰ ਅਸ਼ਵਨੀ ਕੁਮਾਰ, ਕਨਵੀਨਰ ਬਲਿੰਦਰ ਸਿੰਘ ਆਦਿ ਜਦਕਿ ਆਲ ਕੰਟਰੈਕਟ ਕਰਮਚਾਰੀ ਸੰਘ ਤੋਂ ਚੇਅਰਮੈਨ ਬਿਪਿਨ ਸ਼ੇਰ ਸਿੰਘ ਨੇ ਧਰਨੇ ਵਿੱਚ ਸ਼ਾਮਲ ਹੋਏ। ਅੱਜ ਦੀ ਭੁੱਖ ਹੜਤਾਲ ਵਿੱਚ ਨਰਸਿੰਗ ਅਫ਼ਸਰ ਸਵੀਟੀ, ਡਾਟਾ ਐਂਟਰੀ ਅਪ੍ਰੇਟਰ ਸੁਖਵਿੰਦਰ ਕੌਰ, ਨਰਸਿੰਗ ਅਫ਼ਸਰ ਨੀਤਿਕਾ, ਅਰਚਨਾ ਪਟੇਲ ਸ਼ਾਮਿਲ ਹੋਈਆਂ। ਐੱਨਐੱਚਐੱਮ ਐਂਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਅਮਿਤ ਕੁਮਾਰ ਅਤੇ ਪ੍ਰੈੱਸ ਸਕੱਤਰ ਮਹਾਂਵੀਰ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਬਰਖਾਸਤ ਸਿਹਤ ਕਾਮਿਆਂ ਦੀਆਂ ਮੰਗਾਂ ਦੀ ਪੂਰਤੀ ਨਹੀਂ ਹੋ ਜਾਂਦੀ, ਉਦੋਂ ਤੱਕ ਯੂ.ਟੀ. ਦੀਆਂ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਜਾਰੀ ਰਹੇਗਾ।
ਅੰਬਾਲਾ ’ਚ ਡਾਕਟਰਾਂ ਵੱਲੋਂ ਕਲਮ ਛੋੜ ਹੜਤਾਲ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਹਰਿਆਣਾ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਸੱਦੇ ’ਤੇ ਅੱਜ ਅੰਬਾਲਾ ਜ਼ਿਲ੍ਹੇ ਵਿਚ ਡਾਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 2 ਘੰਟੇ ਦੀ ਕਲਮ ਛੋੜ ਹੜਤਾਲ ਕੀਤੀ। ਭਾਵੇਂ ਉਹ ਦੋ ਘੰਟਿਆਂ ਲਈ ਓਪੀਡੀ ਬੰਦ ਕਰਕੇ ਬੈਠੇ ਰਹੇ ਅਤੇ ਰੋਸ ਵਜੋਂ ਮਰੀਜ਼ਾਂ ਨੂੰ ਨਾ ਦੇਖਿਆ ਪਰ ਉਨ੍ਹਾਂ ਨੇ ਐਮਰਜੈਂਸੀ ਸੇਵਾਵਾਂ ਚਾਲੂ ਰੱਖੀਆਂ। ਮਰੀਜ਼ ਵੀ 9 ਵਜੇ ਤੋਂ 11 ਵਜੇ ਤੱਕ ਆਪਣੀ ਵਾਰੀ ਦੀ ਇੰਤਜ਼ਾਰ ਵਿਚ ਬੈਠੇ ਰਹੇ। ਸਿਵਲ ਹਸਪਤਾਲ ਅੰਬਾਲਾ ਛਾਉਣੀ ਵਿਚ ਕਈ ਡਾਕਟਰ ਹੜਤਾਲ ਦਾ ਹਿੱਸਾ ਬਣੇ। ਇਸ ਦੌਰਾਨ ਪੀਐਮਓ ਡਾ. ਰਾਕੇਸ਼ ਸਹਿਲ ਨੇ ਓਪੀਡੀ ਦਾ ਮੁਆਇਨਾ ਕੀਤਾ ਅਤੇ ਡਾਕਟਰਾਂ ਨੂੰ ਕੰਮ ਕਰਨ ਦੇ ਨਿਰਦੇਸ਼ ਦਿੱਤੇ।