ਸ਼ਸ਼ੀਪਾਲ ਜੈਨ
ਖਰੜ, 13 ਅਗਸਤ
ਖਰੜ ਦੀ ਅਦਾਲਤ ਵੱਲੋਂ ਸੰਨੀ ਐਨਕਲੇਵ ਦੇ ਐਮ.ਡੀ. ਜਰਨੈਲ ਸਿੰਘ ਬਾਜਵਾ ਨੂੰ ਉਸ ਵਿਰੁੱਧ ਦਰਜ ਹੋਏ ਇੱਕ ਹੋਰ ਕੇਸ ਵਿੱਚ ਅੱਜ 5 ਦਿਨਾਂ ਦੇ ਪੁਲੀਸ ਰਿਮਾਂਡ ਵਿੱਚ ਭੇਜਣ ਦੇ ਹੁਕਮ ਜਾਰੀ ਦਿੱਤੇ ਹਨ। ਇਸ ਤੋਂ ਪਹਿਲਾਂ ਜਰਨੈਲ ਸਿੰਘ ਬਾਜਵਾ ਨੂੰ ਪੁਲੀਸ ਵੱਲੋਂ ਉਸ ਵਿਰੁੱਧ ਦਰਜ ਹੋਏ ਇੱਕ ਧੋਖਾਧੜੀ ਦੇ ਵੱਖਰੇ ਕੇਸ ਵਿੱਚ 7 ਦਿਨਾਂ ਦੇ ਪੁਲੀਸ ਰਿਮਾਂਡ ਵਿੱਚ ਭੇਜਿਆ ਸੀ ਜਿਸ ਦੀ ਸਮਾਪਤੀ ਉਪਰੰਤ ਉਸ ਨੂੰ ਅੱਜ ਖਰੜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਖਰੜ ਦੇ ਡੀਐਸਪੀ ਪਾਲ ਸਿੰਘ ਨੇ ਦੱਸਿਆ ਕਿ ਖਰੜ ਸਦਰ ਪੁਲੀਸ ਨੇ ਅੱਜ ਬਾਜਵਾ ਨੂੰ ਐਫਆਈਆਰ ਨੰਬਰ 86 ਅਧੀਨ ਗ੍ਰਿਫਤਾਰ ਕੀਤਾ ਹੈ। ਇਹ ਕੇਸ ਰੋਪੜ ਦੀ ਵਸਨੀਕ ਤੰਨੂ ਸ਼ਰਮਾ ਵੱਲੋਂ ਜਰਨੈਲ ਸਿੰਘ ਬਾਜਵਾ, ਮਲਕੀਤ ਸਿੰਘ, ਅਮਿਤਾ ਅਤੇ ਰਾਹੁਲ ਵਿਰੁੱਧ ਇੱਕ ਪਲਾਟ ਸਬੰਧੀ ਹੋਈ ਧੋਖਾਧੜੀ ਸਬੰਧੀ ਦਰਜ ਕਰਵਾਇਆ ਗਿਆ ਸੀ।