ਹਰਜੀਤ ਸਿੰਘ
ਡੇਰਾਬੱਸੀ, 4 ਜੂਨ
ਨੇੜਲੇ ਪਿੰਡ ਸੁੰਡਰਾ ਵਿੱਚ ਇਕ ਕਿਸਾਨ ਵੱਲੋਂ ਖੇਤ ’ਚ ਨਾੜ ਨੂੰ ਲਗਾਈ ਗਈ ਅੱਗ ਕਾਰਨ ਇਕ ਡੇਢ ਸਾਲਾ ਮਾਸੂਮ ਬੱਚੀ ਦੀ ਸੜ ਕੇ ਮੌਤ ਹੋਣ ਅਤੇ 49 ਝੁੱਗੀਆਂ ਸੜਨ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਅੱਜ ਪੀੜਤਾਂ ਲਈ ਮੁਆਵਜ਼ਾ ਜਾਰੀ ਕਰ ਦਿੱਤਾ ਹੈ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਅੱਜ ਪਿੰਡ ਸੁੰਡਰਾ ਵਿੱਚ ਜਾ ਕੇ 4.65 ਲੱਖ ਰੁਪਏ ਦਾ ਚੈੱਕ ਮ੍ਰਿਤਕ ਬੱਚੀ ਦੇ ਪਰਿਵਾਰ ਨੂੰ ਦਿੱਤਾ ਗਿਆ ਜਦਕਿ 65-65 ਹਜ਼ਾਰ ਰੁਪਏ ਦੇ ਚੈੱਕ ਪ੍ਰਤੀ ਝੁੱਗੀ ਲਈ ਪੀੜਤ ਪਰਿਵਾਰਾਂ ਨੂੰ ਦਿੱਤੇ ਗਏ।
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਲਈ ਕੁੱਲ 35.85 ਲੱਖ ਰੁਪਏ ਦੀ ਮਾਲੀ ਮਦਦ ਕੀਤੀ ਗਈ। ਸ੍ਰੀ ਰੰਧਾਵਾ ਨੇ ਕਿਹਾ ਕਿ ਲੰਘੇ ਦਿਨੀਂ ਇਸ ਦਰਦਨਾਕ ਹਾਦਸੇ ਵਿੱਚ ਜਿੱਥੇ 49 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਸਨ ਉੱਥੇ ਹੀ ਅੱਗ ਨਾਲ ਸੜ ਕੇ ਇਕ ਡੇਢ ਸਾਲਾ ਮਾਸੂਮ ਬੱਚੀ ਦੀ ਦਰਦਨਾਕ ਮੌਤ ਹੋ ਗਈ ਸੀ।
ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਸ਼ੁਰੂ ਤੋਂ ਹੀ ਇਸ ਮਾਮਲੇ ਵਿੱਚ ਸਿਆਸਤ ਕਰ ਰਹੀਆਂ ਹਨ। ਸ਼ੁਰੂ ਤੋਂ ਹੀ ਪਰਿਵਾਰਾਂ ਦੀ ਸਰਕਾਰ ਵੱਲੋਂ ਬਾਂਹ ਫੜਦੇ ਹੋਏ ਪੀੜਤਾਂ ਨੂੰ ਮੰਜੇ ਅਤੇ ਰਾਸ਼ਨ ਵੰਡਿਆ ਗਿਆ। ਹਾਦਸੇ ਤੋਂ ਤੁਰੰਤ ਬਾਅਦ ਜਿੱਥੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਕਥਿਤ ਦੋਸ਼ੀ ਕਿਸਾਨ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਉੱਥੇ ਹੀ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਮੌਕੇ ਦਾ ਮੁਆਇਨਾ ਕਰ ਮੁਆਵਜ਼ੇ ਲਈ ਰਿਪੋਰਟ ਬਣਾਉਣ ਦੀ ਹਦਾਇਤ ਕੀਤੀ ਗਈ। ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਅੱਗੇ ਵੀ ਉਕਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ।