ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 13 ਮਈ
ਇਥੋਂ ਦੇ ਸਰਕਾਰੀ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਅਗੇਤੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਛੁੱਟੀਆਂ 23 ਮਈ ਤੋਂ 30 ਜੂਨ ਤਕ ਹੋਣਗੀਆਂ। ਦੂਜੇ ਪਾਸੇ ਪ੍ਰਾਈਵੇਟ ਸਕੂਲਾਂ ਨੇ ਗਰਮੀ ਵਧਣ ਤੋਂ ਬਾਅਦ ਵੀ ਛੁੱਟੀਆਂ ਆਪਣੇ ਤੈਅ ਸਮੇਂ ਵਿਚ ਹੀ ਕਰਨ ਦਾ ਫੈਸਲਾ ਕੀਤਾ ਹੈ। ਪ੍ਰਾਈਵੇਟਾਂ ਸਕੂਲਾਂ ਨੇ ਤਾਂ ਸਕੂਲਾਂ ਦੇ ਸਮੇਂ ਵਿਚ ਵੀ ਬਦਲਾਅ ਨਹੀਂ ਕੀਤਾ ਜਦਕਿ ਕੇਂਦਰ ਨੇ ਸਕੂਲਾਂ ਨੂੰ ਹਦਾਇਤ ਕੀਤੀ ਸੀ ਕਿ ਤਪਦੀ ਗਰਮੀ ਕਾਰਨ ਸਕੂਲ ਲੱਗਣ ਦਾ ਸਮਾਂ ਬਦਲਿਆ ਜਾਵੇ। ਇਥੋਂ ਦੇ ਵੱਖ-ਵੱਖ ਪ੍ਰਾਈਵੇਟ ਸਕੂਲਾਂ ਵੱਲੋਂ 25 ਮਈ ਤੋਂ ਬਾਅਦ ਗਰਮੀਆਂ ਦੀਆਂ ਛੁੱਟੀਆਂ ਕਰਨ ਦੀ ਯੋਜਨਾ ਹੈ।
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵਲੋਂ ਇਸ ਵਾਰ 30 ਮਈ ਤੋਂ ਗਰਮੀ ਦੀਆਂ ਛੁੱਟੀਆਂ ਕਰਨ ਦੀ ਯੋਜਨਾ ਸੀ ਪਰ ਗਰਮੀ ਵਧਣ ਕਾਰਨ ਇਹ ਛੁੁੱਟੀਆਂ ਅਗੇਤੀਆਂ ਕੀਤੀਆਂ ਗਈਆਂ ਹਨ ਪਰ ਸਰਕਾਰੀ ਸਕੂਲਾਂ ਦੇ ਸਮੇਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਸ਼ਹਿਰ ਵਿਚ ਦਿਨ ਦਾ ਤਾਪਮਾਨ 41 ਡਿਗਰੀ ਦੇ ਕਰੀਬ ਹੈ ਤੇ ਆਉਣ ਵਾਲੇ ਦਿਨਾਂ ਵਿਚ ਪਾਰਾ 44 ਡਿਗਰੀ ਤਕ ਪੁੱਜਣ ਦੀ ਸੰਭਾਵਨਾ ਹੈ। ਕੇਂਦਰੀ ਮੰਤਰਾਲੇ ਵੱਲੋਂ ਸਵੇਰੇ ਸਕੂਲ ਜਲਦੀ ਖੋਲ੍ਹਣ ਦੀ ਹਦਾਇਤ: ਕੇਂਦਰੀ ਮੰਤਰਾਲੇ ਨੇ ਸਕੂਲਾਂ ਲਈ ਨਿਰਦੇਸ਼ ਜਾਰੀ ਕਰ ਕੇ ਕਿਹਾ ਹੈ ਕਿ ਸਕੂਲ ਸਵੇਰੇ ਵੇਲੇ ਜਲਦੀ ਖੋਲ੍ਹੇ ਜਾਣ ਤੇ 12 ਵਜੇ ਤੋਂ ਬਾਅਦ ਸਕੂਲ ਵਿਚ ਜਮਾਤਾਂ ਲਾਉਣ ਤੋਂ ਗੁਰੇਜ ਕੀਤਾ ਜਾਵੇ। ਕੇਂਦਰ ਨੇ ਸਕੂਲ ਵਿਚ ਆਊਟਡੋਰ ਗਤੀਵਿਧੀਆਂ ਵੀ ਬੰਦ ਕਰਨ ਲਈ ਕਿਹਾ ਸੀ। ਸੇਂਟ ਕਬੀਰ ਸਕੂਲ ਦੇ ਪ੍ਰਬੰਧਕ ਗੁਰਪ੍ਰੀਤ ਬਖ਼ਸ਼ੀ ਨੇ ਕਿਹਾ ਕਿ ਉਨ੍ਹਾਂ ਦਾ ਸਕੂਲ ਵਾਤਾਅਨੁਕੂਲ ਹੈ ਜਿਸ ਕਰਕੇ ਛੁੱਟੀਆਂ ਵਿਚ ਬਦਲਾਅ ਨਹੀਂ ਕੀਤਾ ਗਿਆ। ਇੰਡੀਪੈਂਡੈਂਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਐੱਚਐੱਸ ਮਾਮਿਕ ਨੇ ਦੱਸਿਆ ਕਿ ਸੀਬੀਐੱਸਈ ਦੇ ਪਰਚਿਆਂ ਕਾਰਨ ਛੁੱਟੀਆਂ ਵਿਚ ਬਦਲਾਅ ਨਹੀਂ ਕੀਤਾ ਜਾ ਸਕਦਾ।
ਕੇਂਦਰੀ ਨਿਯਮਾਂ ਅਨੁਸਾਰ ਛੁੱਟੀਆਂ ਐਡਜਸਟ ਕਰਾਂਗੇ: ਡਾਇਰੈਕਟਰ
ਡਾਇਰੈਕਟਰ ਸਕੂਲ ਐਜੂਕੇਸ਼ਨ ਪਾਲਿਕਾ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੇਂਦਰੀ ਨਿਯਮਾਂ ਅਨੁਸਾਰ ਹੀ ਛੁੱਟੀਆਂ ਐਡਜਸਟ ਕੀਤੀਆਂ ਜਾਣਗੀਆਂ। ਕੇਂਦਰੀ ਨਿਯਮਾਂ ਅਨੁਸਾਰ 60 ਦਿਨਾਂ ਦੀਆਂ ਛੁੱਟੀਆਂ ਬਣਦੀਆਂ ਹਨ ਜਿਸ ਵਿਚ ਸਮਰ ਤੇ ਵਿੰਟਰ ਵਕੇਸ਼ਨ ਸ਼ਾਮਲ ਹੁੰਦੀਆਂ ਹਨ। ਇਨ੍ਹਾਂ ਨਿਯਮਾਂ ਅਨੁਸਾਰ ਅਧਿਆਪਕਾਂ ਨੂੰ ਮੈਡੀਕਲ ਛੁੱਟੀ ਨਹੀਂ ਮਿਲਦੀ। ਉਨ੍ਹਾਂ ਦੱਸਿਆ ਕਿ ਪਹਿਲਾਂ ਗਰਮੀ ਦੀਆਂ ਛੁੱਟੀਆਂ 30 ਦਿਨਾਂ ਦੀਆਂ ਹੁੰਦੀਆਂ ਸਨ ਪਰ ਇਸ ਵਾਰ 37 ਦਿਨਾਂ ਦੀਆਂ ਛੁੱਟੀਆਂ ਕੀਤੀਆਂ ਗਈਆਂ ਹਨ।