ਮੁਕੇਸ਼ ਕੁਮਾਰ
ਚੰਡੀਗੜ੍ਹ, 19 ਜੁਲਾਈ
ਅੱਜ ਮਾਨਸੂਨ ਦੇ ਪਹਿਲੇ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ, ਉੱਥੇ ਨਿਕਾਸੀ ਪ੍ਰਬੰਧਾਂ ਦੀ ਵੀ ਪੋਲ ਖੁੱਲ੍ਹ ਗਈ। ਅੱਜ ਸਵੇਰੇ ਪਏ ਭਰਵੇਂ ਮੀਂਹ ਦਾ ਪਾਣੀ ਸ਼ਹਿਰ ਦੀਆਂ ਸੜਕਾਂ ਸਮੇਤ ਹੋਰ ਹੇਠਲੇ ਇਲਾਕਿਆਂ ਵਿੱਚ ਇਕੱਠਾ ਹੋ ਗਿਆ। ਜਾਣਕਾਰੀ ਮੁਤਾਬਕ ਸਵੇਰੇ ਹੋਈ ਬਾਰਿਸ਼ ਕਾਰਨ ਸ਼ਹਿਰ ਦੀਆਂ ਸੜਕਾਂ ‘ਤੇ ਪਾਣੀ ਭਰਨ ਕਾਰਨ ਜਾਮ ਲੱਗ ਗਏ ਅਤੇ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਇੱਥੇ ਬਾਪੂ ਧਾਮ ਕਲੋਨੀ ਨੇ ਸਵੀਮਿੰਗ ਪੂਲ ਦਾ ਰੂਪ ਧਾਰਨ ਕਰ ਲਿਆ। ਹੱਲੋਮਾਜਰਾ ਦੀਆਂ ਗਲੀਆਂ ਨੇ ਨਹਿਰਾਂ ਦਾ ਰੂਪ ਧਾਰ ਕਰ ਲਿਆ ਅਤੇ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ। ਇੱਥੇ ਸਨਅਤੀ ਖੇਤਰ ਫੇਜ਼ 1 ਸਥਿਤ ਸੀਟੀਯੂ ਵਰਕਸ਼ਾਪ ਨੇੜੇ ਅੰਡਰਪਾਸ ਵਿੱਚ ਪਾਣੀ ਜਮ੍ਹਾਂ ਹੋਣ ਕਾਰਨ ਵਾਹਨਾਂ ਦੀ ਆਵਾਜਾਈ ਬੰਦ ਰਹੀ। ਸੈਕਟਰ 9 ਦੇ ਪੈਟਰੋਲ ਪੰਪ ਦੇ ਸਾਹਮਣੇ ਵਾਲੀ ਸੜਕ ਨੇ ਵੀ ਨਹਿਰ ਦਾ ਰੂਪ ਧਾਰਨ ਕਰ ਲਿਆ ਅਤੇ ਸੜਕ ਦੇ ਕਈ-ਕਈ ਫੁੱਟ ਪਾਣੀ ਚਾਲਕਾਂ ਲਈ ਮੁਸੀਬਤ ਬਣਿਆ ਰਿਹਾ। ਸੈਕਟਰ 38 ਵੈਸਟ ਦੇ ਰਿਹਾਇਸ਼ੀ ਇਲਾਕਿਆਂ ਤੇ ਸੈਕਟਰ 26 ਦੀ ਪੁਲੀਸ ਕਲੋਨੀ ਦੇ ਘਰਾਂ ਤੇ ਸੈਕਟਰ 34 ਦੀ ਮਾਰਕੀਟ ਦੀ ਪਾਰਕਿੰਗ ਵਿੱਚ ਵੀ ਪਾਣੀ ਭਰ ਗਿਆ। ਸੈਕਟਰ 26 ਦੀ ਸਬਜ਼ੀ ਮੰਡੀ ਚਿੱਕੜ ਨਾਲ ਭਰ ਗਈ। ਸੈਕਟਰ 15 ਨੂੰ ਸੈਕਟਰ 11 ਨਾਲ ਜੋੜਨ ਵਾਲੇ ਅੰਡਰਪਾਸ ਵਿੱਚ ਵੀ ਪਾਣੀ ਜਮ੍ਹਾਂ ਹੋ ਗਿਆ।
ਨਗਰ ਨਿਗਮ ਦੇ ਜਨ ਸਿਹਤ ਵਿਭਾਗ ਦੇ ਐੱਸਈ ਸ਼ਲਿੰਦਰ ਸਿੰਘ ਨੇ ਕਿਹਾ ਕਿ ਬਰਸਾਤੀ ਪਾਣੀ ਨੂੰ ਲੈ ਕੇ ਨਗਰ ਨਿਗਮ ਵੱਲੋਂ ਬਣਾਈਆਂ ਟੀਮਾਂ ਚੌਵੀ ਘੰਟੇ ਜੰਗੀ ਪੱਧਰ ’ਤੇ ਕੰਮ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਪਾਣੀ ਇਕੱਠਾ ਹੋਣ ਦੀ ਸ਼ਿਕਾਇਤ ਲਈ ਨਗਰ ਨਿਗਮ ਦੇ ਹੈਲਪਲਾਈਨ ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ 70 ਐਮਐਮ ਬਾਰਿਸ਼ ਰਿਕਾਰਡ ਕੀਤੀ ਗਈ।
ਜ਼ੀਰਕਪੁਰ (ਹਰਜੀਤ ਸਿੰਘ): ਮੀਂਹ ਨੇ ਜ਼ੀਰਕਪੁਰ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪੰਚਕੂਲਾ ਦਾ ਪਾਣੀ ਇੱਥੋਂ ਦੇ ਢਕੋਲੀ ਖੇਤਰ ਵਿੱਚ ਭਰ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਗਾਜ਼ੀਪੁਰ ਵਿੱਚ ਕਈ ਸੁਸਾਇਟੀਆਂ ਦਾ ਦਾਖਲਾ ਬੰਦ ਹੋ ਗਿਆ ਹੈ ’ਤੇ ਲੋਕ ਆਪਣੇ ਘਰਾਂ ਵਿੱਚ ਹੀ ਕੈਦ ਹੋ ਗਏ ਹਨ। ਲੋਕਾਂ ਨੇ ਦੋਸ਼ ਲਾਇਆ ਕਿ ਇੱਕ ਬਿਲਡਰ ਵੱਲੋਂ ਪਾਣੀ ਦੀ ਨਿਕਾਸੀ ਲਈ ਪਾਏ ਪਾਈਪ ਬੰਦ ਕਰ ਦਿੱਤੇ ਗਏ ਹਨ ਜਿਸ ਕਾਰਨ ਇਹ ਸਮੱਸਿਆ ਆਈ ਹੈ। ਜਾਣਕਾਰੀ ਅਨੁਸਾਰ ਪਿੰਡ ਗਾਜ਼ੀਪੁਰ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਤੋਂ ਗੋਲਡਨ ਸ਼ੈੱਡ, ਸੁਸ਼ਮਾ ਸੁਸਾਇਟੀ, ਸੁਸ਼ਮਾ ਅਰਬਨ ਵਿਊ, ਸੁਸ਼ਮਾ ਗਰੀਨ ਵਿਸਟਾ, ਸਪੈਂਗਲ ਕੇਂਡੋਜ਼, ਮੈਪਲ ਅਪਾਰਟਮੈਂਟ ਅਤੇ ਸੁਸ਼ਮਾ ਇਲੀਟ ਕਰਾਸ ਸਣੇ ਹੋਰ ਸੁਸਾਇਟੀਆਂ ਦੇ ਮੁੱਖ ਰਸਤੇ ਵਿੱਚ ਪਾਣੀ ਭਰ ਗਿਆ ਹੈ।
ਪੰਚਕੂਲਾ (ਪੀਪੀ ਵਰਮਾ): ਬਰਸਾਤ ਕਾਰਨ ਸੈਕਟਰ-20 ਦੀਆਂ ਕਈ ਹਾਊਸਿੰਗ ਸੁਸਾਇਟੀਆਂ ਵਿੱਚ ਪਾਣੀ ਖੜ੍ਹਾ ਹੋ ਗਿਆ ਤੇ ਕਈ ਸੁਸਾਇਟੀਆਂ ਦੀਆਂ ਲਿਫਟਾਂ ਬੰਦ ਹੋ ਗਈਆਂ। ਸੈਕਟਰ-20 ਦੀ 105 ਐਗਜੀਕਿਊਟਿਵ ਸੁਸਾਇਟੀ ਦੇ ਅੰਦਰ ਬਰਸਾਤੀ ਪਾਣੀ ਖੜ੍ਹਨ ਕਾਰਨ ਸੀਵਰੇਜ ਓਵਰਫਲੋਅ ਹੋ ਗਿਆ। ਸੈਕਟਰ-19, ਸੈਕਟਰ-11/15, ਲੇਬਰ ਚੌਕ, ਸ਼ਕਤੀ ਭਵਨ ਚੌਕ ਅਤੇ ਸੈਕਟਰ-20 ਦੇ ਟੀ-ਪੁਆਇੰਟ ਉੱਤੇ ਕਈ ਘੰਟੇ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਦੇ ਵਾਹਨ ਪਾਣੀ ਵਿੱਚ ਫਸ ਗਏ। ਪਿੰਡ ਕਿਸ਼ਨਗੜ੍ਹ ਚਾਰੇ ਪਾਸੇ ਤੋਂ ਪਾਣੀ ਨਾਲ ਘਿਰ ਗਿਆ ਹੈ ਅਤੇ ਪਿੰਡ ਦੇ ਸਾਰੇ ਰਸਤੇ ਬੰਦ ਹੋ ਗਏ ਹਨ ਜਿਸ ਕਾਰਨ ਪਿੰਡ ਦਾ ਸੰਪਰਕ ਜ਼ਿਲ੍ਹੇ ਨਾਲੋਂ ਟੁੱਟ ਗਿਆ ਹੈ। ਲੋਕਾਂ ਨੇ ਦੱਸਿਆ ਕਿ ਪਿੰਡ ਦੇ ਬਾਹਰ ਚਾਰੋਂ ਪਾਸੇ ਚਾਰ ਫੁੱਟ ਤੋਂ ਵੱਧ ਪਾਣੀ ਵਹਿ ਰਿਹਾ ਹੈ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਚੰਨੀ): ਪਿੰਡ ਨਵਾਂ ਗਾਉਂ ਵਿੱਚ ਮੀਂਹ ਕਾਰਨ ਗਲੀਆਂ-ਨਾਲੀਆਂ ਦਾ ਇਕੱਠਾ ਹੋਇਆ ਪਾਣੀ ਨਗਰ ਕੌਂਸਲ ਦਫ਼ਤਰ, ਸਿਵਲ ਪਸ਼ੂ ਡਿਸਪੈਂਸਰੀ ਸਮੇਤ ਨੀਵੇਂ ਘਰਾਂ ਵਿੱਚ ਵੜ ਗਿਆ। ਇਸ ਮੌਕੇ ਮਨਜੀਤ ਸਿੰਘ ਕੰਬੋਜ, ਗੁਰਵਿੰਦਰ ਸਿੰਘ, ਦਵਿੰਦਰ ਕੁਮਾਰ ਨੀਟੂ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਨਗਰ ਕੌਂਸਲ ਨਵਾਂ ਗਾਉਂ ਨੂੰ ਗਲੀਆਂ-ਨਾਲੀਆਂ ਦੇ ਪਾਣੀ ਦੀ ਸਹੀ ਨਿਕਾਸੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਜਾਣ।
ਬਨੂੜ ਦੀ ਐੱਮਸੀ ਰੋਡ ’ਤੇ ਬਣੀ ਝੀਲ, ਦੁਕਾਨਾਂ ਵਿੱਚ ਵੜਿਆ ਪਾਣੀ
ਬਨੂੜ (ਕਰਮਜੀਤ ਸਿੰਘ ਚਿੱਲਾ): ਅੱਜ ਪਹਿਲੀ ਭਰਵੀਂ ਬਾਰਿਸ਼ ਨੇ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਐੱਮਸੀ ਰੋਡ ਉੱਤੋਂ ਪਾਣੀ ਦੀ ਨਿਕਾਸ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਸਹਿਣੀ ਪਈ। ਕਈ ਦੁਕਾਨਾਂ ਵਿੱਚ ਵੀ ਪਾਣੀ ਵੜ ਗਿਆ। ਕੌਮੀ ਮਾਰਗ ਉੱਚਾ ਹੋਣ ਸਮੇਂ ਨਿਕਾਸੀ ਨਾਲੇ ਬੰਦ ਹੋ ਗਏ ਸਨ, ਜਿਨ੍ਹਾਂ ਦੀ ਮੁੜ੍ਹ ਉਸਾਰੀ ਨਹੀਂ ਕਰਵਾਈ ਗਈ। ਇਸੇ ਤਰ੍ਹਾਂ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਲੱਗਦੀ ਸੜਕ ਅਤੇ ਚੌਕ ਵਿੱਚ ਵੀ ਪਾਣੀ ਦੀ ਨਿਕਾਸ ਨਾ ਹੋਣ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਸਹਿਣੀ ਪਈ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਦੇ ਹੱਲ ਲਈ 38 ਲੱਖ ਦਾ ਪ੍ਰਾਜੈਕਟ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਬੰਧਤ ਕੰਮ ਦੇ ਟੈਂਡਰ ਲੱਗ ਚੁੱਕੇ ਹਨ ਤੇ ਜਲਦੀ ਹੀ ਕੰਮ ਆਰੰਭ ਕਰਵਾ ਕੇ ਸਮੱਸਿਆ ਨੂੰ ਸਥਾਈ ਤੌਰ ’ਤੇ ਹੱਲ ਕਰ ਦਿੱਤਾ ਜਾਵੇਗਾ।
ਲਾਲੜੂ ਵਿੱਚ ਬਰਸਾਤੀ ਪਾਣੀ ਲੋਕਾਂ ਦੇ ਘਰਾਂ ’ਚ ਵੜਿਆ
ਲਾਲੜੂ (ਸਰਬਜੀਤ ਸਿੰਘ ਭੱਟੀ): ਮੀਂਹ ਨਾਲ ਜਿੱਥੇ ਭਾਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ, ਉੱਥੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲਾਲੜੂ ਪਿੰਡ ਦੇ ਪਟਵਾਰਖਾਨੇ ਸਮੇਤ ਅਨੇਕਾਂ ਵਾਰਡਾਂ ਅਤੇ ਹੋਰ ਪਿੰਡਾਂ ਵਿੱਚ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ, ਜਿਸ ਨਾਲ ਕਾਫ਼ੀ ਨੁਕਸਾਨ ਹੋਇਆ ਹੈ। ਜਾਣਕਾਰੀ ਮੁਤਾਬਿਕ ਲਾਲੜੂ ਪਿੰਡ ਦੇ ਸੈਣੀ ਮੁਹੱਲੇ ਵਿੱਚ ਸਥਿਤ ਪਟਵਾਰਖਾਨੇ ਦੀ ਇਮਾਰਤ ਵਿੱਚ ਬਰਸਾਤੀ ਪਾਣੀ ਨੱਕੋ-ਨੱਕ ਭਰ ਗਿਆ, ਜਿਸ ਨਾਲ ਕੁਝ ਸਰਕਾਰੀ ਰਿਕਾਰਡ ਵੀ ਨੁਕਸਾਨਿਆ ਗਿਆ ਅਤੇ ਵਾਰਡ ਨੰਬਰ 12, 13 ਤੇ 14 ਵਿੱਚ ਵੀ ਕਈ ਘਰਾਂ ਅੰਦਰ ਪਾਣੀ ਵੜ ਗਿਆ। ਲਾਲੜੂ ਮੰਡੀ ਦੇ ਕਈ ਵਾਰਡਾਂ ਵਿੱਚ ਬਰਸਾਤ ਦੇ ਪਾਣੀ ਨੇ ਨੁਕਸਾਨ ਕੀਤਾ। ਪਿੰਡ ਟਰੜਕ ਵਿੱਚ ਬਰਸਾਤ ਦਾ ਪਾਣੀ ਪਿੰਡ ਦੀ ਗਲੀਆਂ ਵਿੱਚ ਨਦੀ ਵਾਂਗ ਵਗਦਾ ਰਿਹਾ, ਜਿਸ ਕਾਰਨ ਲੋਕਾਂ ਦਾ ਸਾਮਾਨ ਖਰਾਬ ਹੋ ਗਿਆ।