ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਜੁਲਾਈ
ਪੰਜਾਬ ਅਤੇ ਹਰਿਆਣਾ ਵਿੱਚ ਕਰੋਨਾ ਦੇ ਕੇਸਾਂ ਦੀ ਗਿਣਤੀ ਘਟਣ ਕਾਰਨ ਸਿਟੀ ਬਿਊਟੀਫੁੱਲ ਵਿੱਚ ਸੈਲਾਨੀਆਂ ਦੀ ਆਮਦ ਵੱਧ ਗਈ ਹੈ। ਇਸ ਕਾਰਨ ਹਫ਼ਤਾਵਰੀ ਛੁੱਟੀ ਵਾਲੇ ਦਿਨ ਜਾਂ ਸ਼ਾਮ ਸਮੇਂ ਸੁਖਨਾ ਝੀਲ ’ਤੇ ਲੋਕਾਂ ਦੀ ਭੀੜ ਵਧ ਜਾਂਦੀ ਹੈ। ਯੂਟੀ ਪ੍ਰਸ਼ਾਸਨ ਨੇ ਭੀੜ ਨੂੰ ਘਟਾਉਣ ਲਈ ਸੁਖਨਾ ਝੀਲ ਨੂੰ ਐਤਵਾਰ ਨੂੰ ਵੀ ਸਾਰਾ ਦਿਨ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਸੀਮਤ ਸਮੇਂ ਕਾਰਨ ਲੋਕਾਂ ਦੀ ਆਮਦ ਹੋਣ ਕਰਕੇ ਭੀੜ ਵਧ ਜਾਂਦੀ ਹੈ। ਇਹ ਫ਼ੈਸਲਾ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਅਗਵਾਈ ਹੇਠ ਹੋਈ ਵਾਰ ਰੂਮ ਦੀ ਮੀਟਿੰਗ ਵਿੱਚ ਲਿਆ ਗਿਆ। ਯੂਟੀ ਦੇ ਪ੍ਰਸ਼ਾਸਕ ਨੇ ਸੁਖਨਾ ਝੀਲ ’ਤੇ ਸੈਲਾਨੀਆਂ ਦੀ ਭੀੜ ਘਟਾਉਣ ਲਈ ਪੁਲੀਸ ਨੂੰ ਸਖਤੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਇਸ ਨਾਲ ਹੀ ਸੁਖਨਾ ਝੀਲ ’ਤੇ ਕਰੋਨਾਵਾਇਰਸ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਚੰਡੀਗੜ੍ਹ ਪੁਲੀਸ ਨੂੰ ਆਦੇਸ਼ ਦਿੱਤੇ ਕਿ ਬਿਨਾਂ ਮਾਸਕ ਘੁੰਮਣ ਵਾਲੇ ਅਤੇ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਸ੍ਰੀ ਬਦਨੌਰ ਨੇ ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸੁਖਨਾ ’ਤੇ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਲੋਕਾਂ ਦੀ ਭੀੜ ਜ਼ਿਆਦਾ ਵਧਣ ਕਾਰਨ ਮੁੜ ਸਖ਼ਤਾਈ ਕੀਤੀ ਜਾ ਸਕੇ। ਸਵੀਮਿੰਗ ਪੂਲਾਂ ਨੂੰ ਖਿਡਾਰੀਆਂ ਲਈ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਪ੍ਰਸ਼ਾਸਨ ਨੇ ਸਵੀਮਿੰਗ ਪੂਲ ਵਿੱਚ ਆਉਣ ਵਾਲੇ ਖਿਡਾਰੀਆਂ ਲਈ ਕਰੋਨਾ ਰੋਕੂ ਟੀਕਾ ਲਗਾਉਣਾ ਜ਼ਰੂਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਸ਼ਰਾਬ ਦੇ ਠੇਕਿਆਂ ਨੂੰ ਰੈਸਟੋਰੈਂਟ, ਬਾਰ ਅਤੇ ਖਾਣ-ਪੀਣ ਦੀ ਸ਼੍ਰੇਣੀ ਵਿੱਚ ਸ਼ਾਮਲ ਕਰ ਦਿੱਤਾ ਹੈ। ਹੁਣ ਸ਼ਰਾਬ ਦੇ ਠੇਕੇ ਵੀ ਕਲੱਬ, ਬਾਰ ਅਤੇ ਫੂਡ ਕੋਰਟ ਵਾਂਗ ਸਵੇਰੇ 10 ਤੋਂ ਰਾਤ 10.30 ਵਜੇ ਤੱਕ ਖੁੱਲ੍ਹ ਸਕਦੇ ਹਨ।
ਪ੍ਰਸ਼ਾਸਨ ਨੇ ਵਿਆਹ ਸਮਾਗਮ ਵਿੱਚ ਮਹਿਮਾਨਾਂ ਦੀ ਗਿਣਤੀ 50 ਤੋਂ ਵਧਾ ਕੇ 100 ਕਰ ਦਿੱਤੀ ਹੈ। ਇਸ ਤੋਂ ਇਲਾਵਾ ਪੈਲੇਸ ਵਿੱਚ ਮਹਿਮਾਨਾਂ ਦੀ ਗਿਣਤੀ 50 ਫ਼ੀਸਦ ਹੋਣੀ ਚਾਹੀਦੀ ਹੈ। ਵਿਆਹ ਵਿੱਚ ਆਉਣ ਵਾਲੇ ਮਹਿਮਾਨਾਂ ਦੇ ਕਰੋਨਾ ਰੋਕੂ ਵੈਕਸੀਨ ਲੱਗੀ ਹੋਣੀ ਜ਼ਰੂਰੀ ਹੈ। ਯੂਟੀ ਪ੍ਰਸ਼ਾਸਨ ਨੇ ਮੈਰਿਜ ਪੈਲੇਸ ਵਿੱਚ ਕੰਮ ਕਰਨ ਵਾਲੇ ਸਟਾਫ਼ ਦੇ ਵੀ ਕਰੋਨਾ ਰੋਕੂ ਟੀਕਾ ਲੱਗਿਆ ਹੋਣਾ ਜ਼ਰੂਰੀ ਕਰਾਰ ਦਿੱਤਾ ਹੈ।