ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 6 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਚੰਡੀਗੜ੍ਹ ਵਿਚ ਸੈਕਟਰ 32 ਵਿਚ ਬਹਬਿਲ ਕਲਾਂ ਮਾਮਲੇ ਵਿਚ ਪੇਸ਼ੀ ਭੁਗਤਣ ਆਏ ਪਰ ਉਨ੍ਹਾਂ ਦੇ ਕਾਫਲੇ ਤੇ ਸੁਰੱਖਿਆ ਪ੍ਰਬੰਧਾਂ ਕਾਰਨ ਆਮ ਲੋਕਾਂ ਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਪ੍ਰੇਸ਼ਾਨੀ ਵਧੀ। ਇਸ ਕਾਰਨ ਕਾਲਜ ਤੇ ਸਕੂਲਾਂ ਨੂੰ ਜਾਣ ਵਾਲੀ ਸੜਕ ’ਤੇ ਜਾਮ ਲੱਗ ਗਿਆ ਤੇ ਇਸ ਜਾਮ ਵਿਚ ਛੋਟੇ ਬੱਚਿਆਂ ਨੂੰ ਸਕੂਲੋਂ ਲੈਣ ਆਏ ਮਾਪੇ ਫਸ ਗਏ।
ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਪ੍ਰਧਾਨ ਨੇ ਅੱਜ ਸਿੱਟ ਅੱਗੇ ਪੇਸ਼ ਹੋਣਾ ਸੀ। ਇਸ ਮੌਕੇ ਪੁਲੀਸ ਨੇ ਐਸਡੀ ਕਾਲਜ ਤੇ ਐੱਸਡੀ ਸਕੂਲ ਨੂੰ ਜਾਣ ਵਾਲੀ ਸੜਕ ’ਤੇ ਬੈਰੀਕੇਡ ਲਾ ਦਿੱਤੇ ਪਰ ਦੂਜੇ ਪਾਸੇ ਪੁਲੀਸ ਨੇ ਦੂਜੇ ਪਾਸਿਆਂ ਤੋਂ ਆਉਂਦੇ ਵਾਹਨਾਂ ਨੂੰ ਨਹੀਂ ਰੋਕਿਆ ਜਿਸ ਕਾਰਨ ਕਾਲਜ ਦੇ ਬਾਹਰ ਵੱਡਾ ਜਾਮ ਲੱਗ ਗਿਆ। ਇਸ ਮੌਕੇ ਸੇਂਟ ਏਨਜ਼ ਸਕੂਲ ਵਿਚ ਆਪਣੇ ਬੱਚੇ ਨੂੰ ਲੈਣ ਆਈ ਲਵਲੀਨ ਨੇ ਦੱਸਿਆ ਕਿ ਉਹ ਜਦੋਂ ਸੈਕਟਰ 32 ਪੁੱਜੀ ਤਾਂ ਪੁਲੀਸ ਨੇ ਉਸ ਨੂੰ ਇਕ ਪਾਸੇ ਤਾਂ ਜਾਣ ਦਿੱਤਾ ਪਰ ਅੱਗੇ ਜਾ ਕੇ ਰੋਕ ਲਿਆ। ਇਸ ਮੌਕੇ ਉਹ ਕਾਰ ਵਿਚ ਹੀ ਅੱਧਾ ਘੰਟਾ ਬੈਠੀ ਰਹੀ। ਇਹੀ ਹਾਲ ਹੋਰ ਮਾਪਿਆਂ ਦਾ ਹੋਇਆ। ਇਸ ਸੈਕਟਰ ਦੇ ਵਾਸੀਆਂ ਨੇ ਦੱਸਿਆ ਕਿ ਪੁਲੀਸ ਨੂੰ ਪਹਿਲਾਂ ਹੀ ਪਤਾ ਸੀ ਕਿ ਅੱਜ ਸੁਖਬੀਰ ਨੇ ਆਉਣਾ ਹੈ ਪਰ ਉਨ੍ਹਾਂ ਇਸ ਸਬੰਧੀ ਅਗਾਊਂ ਪ੍ਰਬੰਧ ਨਹੀਂ ਕੀਤੇ ਤੇ ਲੋਕਾਂ ਨੂੰ ਪ੍ਰੇਸ਼ਾਨ ਹੋਣ ਦਿੱਤਾ।