ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 25 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਮੀਤ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਨੇ ਅੱਜ ਆਪਣੇ ਸਾਥੀਆਂ ਸਮੇਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ। ਅਕਾਲੀ ਦਲ ਵਿੱਚ ਘਰ ਵਾਪਸੀ ਕਰਨ ਤੋਂ ਬਾਅਦ ਕਾਹਲੋਂ ਦੀ ਇਹ ਪਹਿਲੀ ਮੁਲਾਕਾਤ ਸੀ। ਉਨ੍ਹਾਂ ਪਾਰਟੀ ਵਿੱਚ ਅਹਿਮ ਜ਼ਿੰਮੇਵਾਰੀ ਦੇਣ ਲਈ ਸੁਖਬੀਰ ਬਾਦਲ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਪਿੰਡਾਂ ਤੇ ਸ਼ਹਿਰਾਂ ਵਿੱਚ ਮੀਟਿੰਗਾਂ ਕਰ ਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਜਨ ਸੰਪਰਕ ਮੁਹਿੰਮ ਸ਼ੁਰੂ ਕਰਨਗੇ। ਸੁਖਬੀਰ ਨੇ ਕਾਹਲੋਂ ਤੇ ਸਾਥੀਆਂ ਨੂੰ ਵੱਖ-ਵੱਖ ਹਲਕਿਆਂ ਵਿੱਚ ਜਾ ਕੇ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਹੈ, ਇਸ ਵਾਸਤੇ ਇਸ ਦੀਆਂ ਜੜ੍ਹਾਂ ਮਜ਼ਬੂਤ ਕੀਤੀਆਂ ਜਾਣ। ਇਸ ਮੌਕੇ ਕਿਸਾਨ ਆਗੂ ਕੁਲਵੰਤ ਸਿੰਘ ਤ੍ਰਿਪੜੀ, ਪਰਮਿੰਦਰ ਸਿੰਘ ਮਲੋਆ, ਮੰਨਾ ਸੰਧੂ, ਭਲਿੰਦਰ ਸਿੰਘ ਮਾਨ, ਨਸੀਬ ਸਿੰਘ ਸੰਧੂ, ਹਰਮੇਸ਼ ਸਿੰਘ ਹਢੇਸਰਾ, ਸ਼ਮਸ਼ੇਰ ਸਿੰਘ ਸੰਧੂ ਅੰਮ੍ਰਿਤਸਰ ਅਤੇ ਭੁਪਿੰਦਰ ਸਿੰਘ ਗੁਰਦਾਸਪੁਰ ਹਾਜ਼ਰ ਸਨ।