ਕੁਲਦੀਪ ਸਿੰਘ
ਚੰਡੀਗੜ੍ਹ, 16 ਸਤੰਬਰ
ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ (ਪੀ.ਯੂ.ਸੀ.ਐੱਸ.ਸੀ.) ਲਈ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐੱਸਓਆਈ) ਦੇ ਪੈਨਲ ਦਾ ਐਲਾਨ ਅੱਜ ਇੱਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਰ ਦਿੱਤਾ ਗਿਆ। ਪਾਰਟੀ ਪ੍ਰਧਾਨ ਵੱਲੋਂ ਐਲਾਨੇ ਗਏ ਪੈਨਲ ਵਿੱਚ ਇਕਬਾਲਪ੍ਰੀਤ ਸਿੰਘ, ਚੇਤਨ ਚੌਧਰੀ ਤੇ ਅਰਪਿਤ ਮੱਕੜ ਨੂੰ ਯੂਨੀਵਰਸਿਟੀ ਤੇ ਕਾਲਜ ਚੋਣਾਂ ਦੇ ਇੰਚਾਰਜ ਲਗਾਇਆ ਗਿਆ ਹੈ। ਇੰਜ ਹੀ ਪੀ.ਯੂ.ਸੀ.ਐੱਸ.ਸੀ. ਚੋਣਾਂ ਵਿੱਚ ਪ੍ਰਧਾਨਗੀ ਦੇ ਅਹੁਦੇ ਲਈ ਕੈਮੀਕਲ ਇੰਜਨੀਅਰਿੰਗ ਵਿਭਾਗ ਦੇ ਐਮ.ਟੈੱਕ. ਦੇ ਵਿਦਿਆਰਥੀ ਮਾਧਵ ਸ਼ਰਮਾ ਨਿਵਾਸੀ ਮੁਹਾਲੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਦੇ ਨਾਲ ਹੀ ਪ੍ਰਧਾਨ ਜਸ਼ਨ ਜਵੰਧਾ, ਚੇਅਰਮੈਨ ਪਰਵਿੰਦਰ ਸਿੰਘ ਨਹਿਲ, ਪਾਰਟੀ ਪ੍ਰਧਾਨ ਗਗਨਦੀਪ ਸਿੰਘ ਧਾਲੀਵਾਲ ਤੇ ਕੈਂਪਸ ਪ੍ਰਧਾਨ ਗੁਰਸ਼ਾਨ ਧਾਲੀਵਾਲ ਦੇ ਨਾਵਾਂ ਦਾ ਐਲਾਨ ਵੀ ਕੀਤਾ। ਸ੍ਰੀ ਬਾਦਲ ਨੇ ਉਮੀਦ ਜਤਾਈ ਕਿ ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕਾਉਂਸਿਲ ਚੋਣਾਂ ਵਿੱਚ ਐੱਸ.ਓ.ਆਈ. ਪੈਨਲ ਲਾਮਿਸਾਲ ਜਿੱਤ ਪ੍ਰਾਪਤ ਕਰੇਗਾ। ਉਨ੍ਹਾਂ ਨੇ ਆਪਣੇ ਵਿਦਿਆਰਥੀ ਵਿੰਗ ਦੀ ਟੀਮ ਵੱਲੋਂ ਪੀ.ਯੂ. ਵਿੱਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਵੀ ਕੀਤੀ।