ਹਰਜੀਤ ਸਿੰਘ
ਜ਼ੀਰਕਪੁਰ, 29 ਜੁਲਾਈ
ਇਥੋਂ ਦੀ ਬਾਦਲ ਕਲੋਨੀ ਵਿਖੇ ਇਕ 34 ਸਾਲਾ ਵਿਆਹੁਤਾ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਲੜਕੀ ਦੇ ਪਿਤਾ ਚਿਤਰੰਜਨ ਸਿੰਘ ਨੀਨਾ ਵਾਸੀ ਪਿੰਡ ਤਲਭੱਟਾ ਪੜਾ ਥਾਣਾ ਖੇਤਰਾਜਪੁਰ ਜ਼ਿਲ੍ਹਾ ਸੰਭਲਪੁਰ ਉੜੀਸਾ ਨੇ ਦੱਸਿਆ ਕਿ ਉਨ੍ਹਾਂ ਆਪਣੀ ਲੜਕੀ ਰੁਠੀ ਸਿੰਘ ਨੀਨਾ (34) ਦਾ ਵਿਆਹ ਸਾਲ 2018 ਵਿੱਚ ਸੁਮੀਤ ਗੋਇਲ ਪੁੱਤਰ ਲੇਟ ਦਰਸ਼ਨ ਕੁਮਾਰ ਗੋਇਲ ਵਾਸੀ ਮਕਾਨ ਨੰਬਰ 134 ਬਾਦਲ ਕਲੋਨੀ ਜ਼ੀਰਕਪੁਰ ਨਾਲ ਕੀਤਾ ਸੀ। ਉਨ੍ਹਾਂ ਵਲੋਂ ਆਪਣੀ ਹੈਸੀਅਤ ਤੋਂ ਵਧ ਦਾਜ ਵੀ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਵਿਆਹ ਤੋਂ ਬਾਅਦ ਲੜਕੀ ਦੇ ਸਹੁਰੇ ਪਰਿਵਾਰ ਵਾਲਿਆਂ ਵੱਲੋਂ ਲੜਕੀ ਨੂੰ ਹੋਰ ਦਾਜ ਲਿਆਉਣ ਲਈ ਦਬਾਅ ਪਾਇਆ ਜਾਂਦਾ ਸੀ ਅਤੇ ਮੰਗ ਪੂਰੀ ਨਾ ਹੋਣ ’ਤੇ ਕੁੱਟਮਾਰ ਕੀਤੀ ਜਾਂਦੀ ਸੀ। ਮਾਮਲੇ ਦੇ ਪੜਤਾਲੀਆ ਅਫ਼ਸਰ ਐਸ ਆਈ ਹਰਸ਼ ਮੋਹਨ ਗੌਤਮ ਨੇ ਦੱਸਿਆ ਕਿ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਲੜਕੀ ਦੇ ਪਤੀ ਸੁਮੀਤ ਗੋਇਲ ਦੇ ਖ਼ਿਲਾਫ਼ ਆਈ.ਪੀ.ਸੀ. ਧਾਰਾ 304 ਬੀ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਔਰਤ ਨੇ ਫਾਹਾ ਲਿਆ
ਅੰਬਾਲਾ (ਨਿੱਜੀ ਪੱਤਰ ਪੇ੍ਰਕ): ਬਰਾੜਾ ਕਸਬੇ ਵਿਚ 37 ਸਾਲਾ ਮਹਿਲਾ ਨੇ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਮਹਿਲਾ ਕਈ ਦਿਨਾਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ। ਪੁਲੀਸ ਨੇ ਪੋਸਟ ਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।