ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 26 ਅਕਤੂਬਰ
ਇੱਥੋਂ ਦੇ ਪੋਸਟਗਰੈਜੂਏਟ ਸਰਕਾਰੀ ਕਾਲਜ ਫਾਰ ਗਰਲਜ਼ ਸੈਕਟਰ-42 ਦੀ ਵਿਦਿਆਰਥਣ ਨੇ ਅੱਜ ਕਾਲਜ ਕੈਂਪਸ ਵਿਚ ਹੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਦੀ ਪਛਾਣ ਬੀਏ ਭਾਗ ਪਹਿਲਾ ਦੀ ਇਸ਼ਿਤਾ ਵਜੋਂ ਹੋਈ ਹੈ। ਦੂਜੇ ਪਾਸੇ, ਪੁਲੀਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਲੜਕੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ।
ਜਾਣਕਾਰੀ ਅਨੁਸਾਰ ਸੈਕਟਰ-39 ਵਿਚ ਰਹਿੰਦੀ ਇਸ਼ਿਤਾ ਅੱਜ ਸਵੇਰੇ ਕਾਲਜ ਪੁੱਜੀ ਤੇ ਉਹ ਚੌਥੀ ਮੰਜ਼ਿਲ ’ਤੇ ਪੁੱਜ ਗਈ ਤੇ ਉਸ ਨੇ ਉਥੋਂ ਹੀ ਇਸ਼ਾਰੇ ਕਰਨੇ ਸ਼ੁਰੂ ਕਰ ਦਿੱਤੇ। ਇਹ ਸਾਰਾ ਵਾਕਿਆ ਕਾਲਜ ਦਾ ਗੇਟਕੀਪਰ ਨਰਿੰਦਰ ਪਾਲ ਦੇ ਸਾਹਮਣੇ ਵਾਪਰਿਆ। ਉਹ ਲੜਕੀ ਨੂੰ ਬਚਾਉਣ ਲਈ ਅੱਗੇ ਵੀ ਆਇਆ ਤੇ ਕਾਫੀ ਰੌਲਾ ਪਾਇਆ ਪਰ ਉਦੋਂ ਤਕ ਵਿਦਿਆਰਥਣ ਨੇ ਛਾਲ ਮਾਰ ਦਿੱਤੀ। ਇਸ ਮੌਕੇ ਕਾਲਜ ਪ੍ਰਸ਼ਾਸਨ ਵਲੋਂ ਲੜਕੀ ਨੂੰ ਸਰਕਾਰੀ ਹਸਪਤਾਲ ਸੈਕਟਰ-16 ਵਿਚ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕਾਲਜ ਦੇ ਇਕ ਲੈਕਚਰਾਰ ਨੇ ਦੱਸਿਆ ਕਿ ਵਿਦਿਆਰਥਣ ਨੂੰ ਛਾਲ ਮਾਰਦਿਆਂ ਦੋ ਹੋਰ ਵਿਦਿਆਰਥਣਾਂ ਨੇ ਵੀ ਦੇਖਿਆ ਹੈ। ਇਸ਼ਿਤਾ ਦੀ ਮਾਂ ਨੇ ਕਾਲਜ ਪ੍ਰਸ਼ਾਸਨ ਨੂੰ ਦੱਸਿਆ ਕਿ ਇਸ਼ਿਤਾ ਦੇ ਮਾਨਸਿਕ ਤਣਾਅ ਦੀ ਦਵਾਈ ਵੀ ਚੱਲ ਰਹੀ ਸੀ ਤੇ ਉਹ ਅੱਜ ਸਵੇਰ ਦਵਾਈ ਖਾ ਕੇ ਕਾਲਜ ਪੁੱਜੀ ਸੀ। ਇਸ਼ਿਤਾ ਦੀ ਮਾਂ ਪੰਜਾਬ ਪੁਲੀਸ ਵਿਭਾਗ ਵਿਚ ਤਾਇਨਾਤ ਹੈ। ਇਸ ਮਾਮਲੇ ਦੀ ਪੁਲੀਸ ਥਾਣਾ ਸੈਕਟਰ-36 ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਖੁਦਕੁਸ਼ੀ ਮਾਮਲੇ ਵਿਚ ਕਿਸੇ ਹੋਰ ਵਲੋਂ ਦਬਾਅ ਪਾਉਣ ਜਾਂ ਪ੍ਰੇਸ਼ਾਨ ਕਰਨ ਵਾਲੀ ਸਾਹਮਣੇ ਨਹੀਂ ਆਈ।