ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਅਪਰੈਲ
ਇੱਥੇ ਪੀਜੀਆਈ ਦੇ ਬਾਹਰ ਨੌਜਵਾਨ ਵੱਲੋਂ ਕਥਿਤ ਖੁਦ ਨੂੰ ਚਾਕੂ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਸਬੰਧੀ ਜਾਣਕਾਰੀ ਮਿਲਦੇ ਹੀ ਪੁਲੀਸ ਨੇ ਪੀੜਤ ਨੂੰ ਪੀਜੀਆਈ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ। ਪੀੜਤ ਦੀ ਪਛਾਣ ਪੰਕਜ ਠਾਕੁਰ ਵਾਸੀ ਸੋਲਨ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਪੰਕਜ ਦਾ ਰਿਸ਼ਤੇਦਾਰ ਪੀਜੀਆਈ ’ਚ ਜ਼ੇਰੇ ਇਲਾਜ ਹੈ। ਕਾਫੀ ਖਰਚ ਹੋਣ ਦੇ ਬਾਵਜੂਦ ਉਸ ਦੀ ਸਿਹਤ ’ਚ ਸੁਧਾਰ ਨਹੀਂ ਹੋ ਰਿਹਾ। ਉਹ ਇਸ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ। ਥਾਣਾ ਸੈਕਟਰ-11 ਤੇ ਪੀਜੀਆਈ ਪੁਲੀਸ ਚੌਕੀ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਪੀੜਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ। ਡੀਐੱਸਪੀ ਗੁਰਮੁੱਖ ਸਿੰਘ ਨੇ ਕਿਹਾ ਕਿ ਉਸ ਦਾ ਪੀਜੀਆਈ ਵਿੱਚ ਇਲਾਜ ਜਾਰੀ ਹੈ।