ਹਰਜੀਤ ਸਿੰਘ
ਜ਼ੀਰਕਪੁਰ, 5 ਸਤੰਬਰ
ਨੇੜਲੇ ਪਿੰਡ ਸ਼ਤਾਬਗੜ੍ਹ ਦੀ ਪੰਚਾਇਤ ਵੱਲੋਂ ਇਕ ਵਿਅਕਤੀ ਨੂੰ ਕਥਿਤ ਤੌਰ ’ਤੇ ਜ਼ਲੀਲ ਕੀਤਾ ਗਿਆ ਤੇ ਉਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ 52 ਸਾਲਾਂ ਦੇ ਸ਼ਿਆਮ ਸਿੰਘ ਵਜੋਂ ਹੋਈ ਹੈ। ਖ਼ੁਦਕੁਸ਼ੀ ਨੋਟ ਵਿੱਚ ਉਸ ਨੇ ਪਿੰਡ ਦੀ ਪੰਚਾਇਤ ਵੱਲੋਂ ਕੀਤੀ ਜਲਾਲਤ ਨੂੰ ਆਪਣੀ ਖ਼ੁਦਕੁਸ਼ੀ ਕਰਨ ਦਾ ਮੁੱਖ ਕਾਰਨ ਦੱਸਿਆ ਹੈ। ਪੁਲੀਸ ਨੇ ਸ਼ਿਆਮ ਸਿੰਘ ਦੇ ਲੜਕੇ ਵਰਿੰਦਰ ਸਿੰਘ ਦੇ ਬਿਆਨ ’ਤੇ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ਹੇਠ ਪਿੰਡ ਦੀ ਮਹਿਲਾ ਸਰਪੰਚ ਊਸ਼ਾ ਦੇਵੀ ਸਮੇਤ ਛੇ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ।
ਥਾਣਾ ਮੁਖੀ ਇੰਸਪੈਕਟਰ ਗੁਰਵੰਤ ਸਿੰਘ ਨੇ ਦੱਸਿਆ ਕਿ ਵਰਿੰਦਰ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਵਿੱਚ ਊਸ ਨੇ ਦੱਸਿਆ ਕਿ ਪੰਚਾਇਤ ਵੱਲੋਂ ਪਿੰਡ ਵਿੱਚ ਨਵੇਂ ਸਿਰੇ ਤੋਂ ਗਲੀਆਂ ਬਣਾਈਆਂ ਜਾ ਰਹੀਆਂ ਹਨ। ਇਸ ਦੌਰਾਨ ਪੰਚਾਇਤ ਵੱਲੋਂ ਉਨ੍ਹਾਂ ਦੇ ਵਾੜੇ ਦੇ ਬਾਹਰ ਪੀੜਤ ਪਰਿਵਾਰ ਦੀ ਥਾਂ ਨੂੰ ਪੰਚਾਇਤੀ ਜ਼ਮੀਨ ਦੱਸਦੇ ਹੋਏ ਗਲੀ ਬਣਾਈ ਜਾ ਰਹੀ ਸੀ। ਸ਼ਿਆਮ ਸਿੰਘ ਅਤੇ ਊਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਦਾ ਵਿਰੋਧ ਕਰਦਿਆਂ ਕੰਮ ਬੰਦ ਕਰਵਾ ਦਿੱਤਾ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਕੰਮ ਬੰਦ ਕਰਵਾਉਣ ਤੋਂ ਭੜਕੀ ਪਿੰਡ ਦੀ ਸਰਪੰਚ ਊਸ਼ਾ ਦੇਵੀ ਨੇ ਆਪਣੇ ਕਪੜੇ ਪਾੜ ਕੇ ਪੁਲੀਸ ਸਟੇਸ਼ਨ ਵਿੱਚ ਉਨ੍ਹਾਂ ਖ਼ਿਲਾਫ਼ ਕਥਿਤ ਝੂਠਾ ਕੇਸ ਦਰਜ ਕਰਵਾ ਦਿੱਤਾ। ਪੀੜਤ ਪਰਿਵਾਰ ਵੱਲੋਂ ਵੀ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸ ਦੇ ਪਿਤਾ ਨੇ ‘ਝੂਠਾ’ ਕੇਸ ਦਰਜ ਕਰਨ ਨੂੰ ਲੈ ਕੇ ਸਾਬਕਾ ਪੰਚ ਜੈ ਸਿੰਘ ਕੋਲ ਪਹੁੰਚ ਕੀਤੀ ਜਿਸ ਵੱਲੋਂ ਪੰਚਾਇਤ ਸੱਦੀ ਗਈ। ਇਸ ਪੰਚਾਇਤ ਵਿੱਚ ਪਿੰਡ ਦੀ ਸਰਪੰਚ ਊਸ਼ਾ ਦੇਵੀ, ਉਸ ਦਾ ਪਤੀ ਬਲਜੀਤ ਸਿੰਘ, ਪਿੰਡ ਦਾ ਸਾਬਕਾ ਸਰਪੰਚ ਜੈ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ ਅਤੇ ਜਗਪਾਲ ਸਿੰਘ ਵੱਲੋਂ ਉਸਦੇ ਪਿਤਾ ’ਤੇ ਮੁਆਫ਼ੀ ਮੰਗਣ ਲਈ ਦਬਾਅ ਪਾਇਆ ਗਿਆ। ਉਸ ਦੇ ਪਿਤਾ ਵੱਲੋਂ ਮੁਆਫ਼ੀ ਵੀ ਮੰਗੀ ਗਈ ਤੇ ਪਿਤਾ ਨੇ ਆਪਣੀ ਪੱਗ ਉਨ੍ਹਾਂ ਦੇ ਪੈਰ ਵਿੱਚ ਰੱਖੀ ਪਰ ਇਸ ਦੇ ਬਾਵਜੂਦ ਉਸ ਦੇ ਪਿਤਾ ਦੀ ਕੋਈ ਗੱਲ ਨਹੀਂ ਮੰਨੀ ਗਈ ਸਗੋਂ ਉਸ ਦਾ ਮਜ਼ਾਕ ਉਡਾਇਆ ਗਿਆ। ਇਸ ਜ਼ਲਾਲਤ ਤੋਂ ਪ੍ਰੇਸ਼ਾਨ ਹੋ ਕੇ ਸ਼ਿਆਮ ਸਿੰਘ ਨੇ ਆਪਣੇ ਘਰ ਆ ਕੇ ਫਾਹਾ ਲੈ ਲਿਆ।
ਪੱਗ ਦੀ ਬੇਅਦਬੀ ਬਣੀ ਖ਼ੁਦਕੁਸ਼ੀ ਦਾ ਮੁੱਖ ਕਾਰਨ
ਸ਼ਿਕਾਇਤਕਰਤਾ ਵਰਿੰਦਰ ਸਿੰਘ ਅਨੁਸਾਰ ਸੁਸਾਈਡ ਨੋਟ ਵਿੱਚ ਉਸ ਦੇ ਪਿਤਾ ਨੇ ਆਪਣੀ ਪੱਗ ਦੀ ਬੇਅਦਬੀ ਅਤੇ ਪੰਚਾਇਤ ਵੱਲੋਂ ਜ਼ਲੀਲ ਕਰਨ ’ਤੇ ਖ਼ੁਦਕੁਸ਼ੀ ਕਰਨ ਦੀ ਗੱਲ ਆਖੀ। ਸੁਸਾਈਡ ਨੋਟ ਵਿੱਚ ਸ਼ਿਆਮ ਸਿੰਘ ਨੇ ਦੋਸ਼ ਲਾਇਆ ਕਿ ਉਸ ਤੋਂ ਪੱਗ ਪੈਰਾਂ ਵਿੱਚ ਰਖਵਾਉਣ ਮਗਰੋਂ ਪੂਰੇ ਪਿੰਡ ਵਿੱਚ ਰੌਲਾ ਪਾ ਦਿੱਤਾ ਕਿ ਪੱਗ ਵੀ ਪੈਰਾਂ ਵਿੱਚ ਰਖਵਾਈ ਅਤੇ ਫੈਸਲਾ ਵੀ ਨਹੀਂ ਕੀਤਾ ਗਿਆ।