ਕਰਮਜੀਤ ਸਿੰਘ ਚਿੱਲਾ
ਐੱਸਏਐੱਸਨਗਰ (ਮੁਹਾਲੀ), 9 ਅਗਸਤ
ਇੱਥੋਂ ਦੇ ਜ਼ਿਲ੍ਹਾ ਭਾਸ਼ਾ ਦਫਤਰ ਵਿੱਚ ਅੱਜ ਸੁਧਾ ਜੈਨ ਸੁਦੀਪ ਦੀ ਬਾਲ ਇਕਾਂਗੀ ‘ਭਾਰਤ ਦੇ ਰਾਸ਼ਟਰੀ ਪ੍ਰਤੀਕ’ ਦੀ ਘੁੰਡ ਚੁਕਾਈ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਭਾਸ਼ਾ ਵਿਭਾਗ ਪੰਜਾਬ ਦੀ ਸੰਯੁਕਤ ਡਾਇਰੈਕਟਰ ਡਾ. ਵੀਰਪਾਲ ਕੌਰ ਨੇ ਕੀਤੀ। ਲੇਖਕ ਅਤੇ ਸਾਬਕਾ ਆਈਏਐਸ ਜੰਗ ਬਹਾਦਰ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫਤਰ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਸਾਹਿਤ ਕਲਾ ਸੱਭਿਆਚਾਰ ਮੰਚ ਮੁਹਾਲੀ ਦੇ ਪ੍ਰਧਾਨ ਬਾਬੂ ਰਾਮ ਦੀਵਾਨਾ ਵੱਲੋਂ ਸੁਧਾ ਜੈਨ ਸੁਦੀਪ ਦੀ ਬਾਲ ਇਕਾਂਗੀ ਭਾਰਤ ਦੇ ਰਾਸ਼ਟਰੀ ਪ੍ਰਤੀਕ ਬਾਰੇ ਜਾਣਕਾਰੀ ਦਿੱਤੀ ਗਈ। ਸ਼੍ਰੋਮਣੀ ਬਾਲ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਪੁਸਤਕ ਉੱਤੇ ਪਰਚਾ ਪੜ੍ਹਿਆ। ਸ਼੍ਰੋਮਣੀ ਬਾਲ ਸਾਹਿਤਕਾਰ ਡਾ. ਰਮਾ ਰਤਨ ਨੇ ਪੁਸਤਕ ਨੂੰ ਬੱਚਿਆਂ ਦੇ ਨਾਲ ਨਾਲ ਬਾਲਗਾਂ ਲਈ ਵੀ ਲਾਹੇਵੰਦ ਦੱਸਿਆ। ਕਰਨਲ ਜਸਬੀਰ ਸਿੰਘ ਭੁੱਲਰ ਨੇ ਇਸ ਨੂੰ ਪੰਜਾਬੀ ਬਾਲ ਸਾਹਿਤ ਲਈ ਇੱਕ ਸ਼ੁਭ ਸੰਕੇਤ ਆਖਿਆ। ਭਾਸ਼ਾ ਵਿਭਾਗ ਦੇ ਸਾਬਕਾ ਸਹਾਇਕ ਡਾਇਰੈਕਟਰ ਬਲਕਾਰ ਸਿੰਘ ਸਿੱਧੂ ਨੇ ਪੁਸਤਕ ਦੀ ਸ਼ਲਾਘਾ ਕੀਤੀ। ਲੇਖਿਕਾ ਸੁਧਾ ਜੈਨ ਸੁਦੀਪ ਨੇ ਸਾਰੀਆਂ ਟਿੱਪਣੀਆਂ ਦਾ ਸਵਾਗਤ ਕਰਦਿਆਂ ਬੱਚਿਆਂ ਪ੍ਰਤੀ ਪਿਆਰ ਨੂੰ ਇਸ ਪੁਸਤਕ ਲਈ ਪ੍ਰੇਰਨਾ ਦਾ ਸ੍ਰੋਤ ਦੱਸਿਆ। ਪੁਸਤਕ ਉੱਤੇ ਹੋਈ ਚਰਚਾ ਵਿੱਚ ਸਰਦਾਰਾ ਸਿੰਘ ਚੀਮਾ, ਭਗਤ ਰਾਮ ਰੰਗਾੜਾ, ਗੁਰਪ੍ਰੀਤ ਸਿੰਘ ਨਿਆਮੀਆਂ ਸਮੇਤ ਅਨੇਕਾਂ ਸਾਹਿਤਕਾਰਾਂ ਨੇ ਹਿੱਸਾ ਲਿਆ।