ਪੱਤਰ ਪ੍ਰੇਰਕ
ਚੰਡੀਗੜ੍ਹ, 12 ਦਸੰਬਰ
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਦਾ ਅੱਜ ਚੰਡੀਗੜ੍ਹ ਦੇ ਮਟਕਾ ਚੌਕ ਪਹੁੰਚਣ ’ਤੇ ਪਿੰਡਾਂ ਦੇ ਲੋਕਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਵੱਖ-ਵੱਖ ਪਿੰਡਾਂ ਦੇ ਲੋਕ ਲੱਡੂ ਲੈ ਕੇ ਮਟਕਾ ਚੌਕ ਪਹੁੰਚੇ।
ਚੰਡੀਗੜ੍ਹ ਵਿੱਚ ਅੱਜ ਲੱਗੇ ਟਰੈਫ਼ਿਕ ਜਾਮਾਂ ਕਰਕੇ ਰਾਕੇਸ਼ ਟਿਕੈਤ ਕਾਫ਼ੀ ਦੇਰ ਸ਼ਾਮ ਇੱਥੇ ਪਹੁੰਚੇ ਜਿੱਥੇ ਬਾਬਾ ਲਾਭ ਸਿੰਘ ਅਤੇ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਵੱਲੋਂ ਲੋਈ ਤੇ ਸਿਰੋਪਾ ਭੇਟ ਕਰਦੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਬਾਬਾ ਗੁਰਦਿਆਲ ਸਿੰਘ ਖੁੱਡਾ ਅਲੀਸ਼ੇਰ ਨੇ ਟਿਕੈਤ ਨੂੰ ਬਸੰਤੀ ਪਗੜੀ ਬੰਨ੍ਹੀ। ਕਿਸਾਨ ਆਗੂ ਟਿਕੈਤ ਨੇ ਪਿੰਡ ਕਾਂਸਲ ਨਿਵਾਸੀ ਰਾਜਨ ਕਾਂਸਲ ਨੂੰ ਜੁੱਤੀ ਵੀ ਪਹਿਨਾਈ ਗਈ ਜਿਸ ਨੇ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੱਕ ਨੰਗੇ ਪੈਰੀਂ ਤੁਰਦੇ ਰਹਿਣ ਦਾ ਪ੍ਰਣ ਕੀਤਾ ਹੋਇਆ ਸੀ। ਇਸ ਮੌਕੇ ਗੱਲਬਾਤ ਕਰਦਿਆਂ ਟਿਕੈਤ ਨੇ ਅੰਦੋਲਨ ਦੀ ਸਫ਼ਲਤਾ ਦਾ ਸਿਹਰਾ ਔਰਤਾਂ ਅਤੇ ਨੌਜਵਾਨਾਂ ਸਿਰ ਬੰਨ੍ਹਦਿਆਂ ਕਿਹਾ ਕਿ ਕਿਸਾਨ ਮੋਰਚੇ ਦੀ ਸੀਨੀਅਰ ਲੀਡਰਸ਼ਿਪ ਤਾਂ ਸਿਰਫ਼ ਸਟੇਜ ਹੀ ਸੰਭਾਲਦੀ ਸੀ ਜਦਕਿ ਉਥੋਂ ਸਮੇਂ-ਸਮੇਂ ਸਿਰ ਜਾਰੀ ਹੋਣ ਵਾਲੇ ਪ੍ਰੋਗਰਾਮਾਂ ਸਮੇਤ ਹਰੇਕ ਸੰਦੇਸ਼ ਨੂੰ ਸੋਸ਼ਲ ਮੀਡੀਆ ਰਾਹੀਂ ਅੱਗੇ ਤੋਂ ਅੱਗੇ ਫੈਲਾਉਣ ਵਿੱਚ ਨੌਜਵਾਨ ਦਿਨ ਰਾਤ ਲੱਗੇ ਰਹੇ। ਇਸ ਤੋਂ ਇਲਾਵਾ ਮੋਰਚੇ ਵਿੱਚ ਡਟੀਆਂ ਔਰਤਾਂ ਨੇ ਜਿੱਥੇ ਪੂਰੇ ਜੋਸ਼ ਤੇ ਜਨੂੰਨ ਨਾਲ ਪਹਿਰਾ ਦਿੱਤਾ ਉਥੇ ਹੀ ਉਨ੍ਹਾਂ ਲੰਗਰ ਤਿਆਰ ਕਰਨ ਵਿੱਚ ਵੀ ਕਦੇ ਢਿੱਲ ਨਹੀਂ ਵਰਤੀ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੇ ਭਵਿੱਖੀ ਸੰਘਰਸ਼ਾਂ ਦਾ ਮੁੱਢ ਬੰਨ੍ਹਿਆ ਹੈ ਅਤੇ ਭਵਿੱਖ ਵਿੱਚ ਕਿਸੇ ਵੀ ਮੁੱਦੇ ਉਤੇ ਸਰਕਾਰਾਂ ਖ਼ਿਲਾਫ਼ ਅੰਦੋਲਨ ਇਸੇ ਤਰ੍ਹਾਂ ਚਲਾਏ ਜਾਣਗੇ। ਇਸ ਮੌਕੇ ਪੇਂਡੂ ਸੰਘਰਸ਼ ਕਮੇਟੀ ਦੇ ਸਰਪ੍ਰਸਤ ਬਾਬਾ ਗੁਰਦਿਆਲ ਸਿੰਘ, ਬਾਬਾ ਸਾਧੂ ਸਿੰਘ ਸਾਰੰਗਪੁਰ, ਗੁਰਪ੍ਰੀਤ ਸਿੰਘ ਸੋਮਲ, ਸ਼ਰਨਜੀਤ ਸਿੰਘ ਰਾਏਪੁਰ ਕਲਾਂ, ਜੋਗਾ ਸਿੰਘ, ਕੁਲਦੀਪ ਸਿੰਘ ਕੁੰਡੂ ਵੀ ਹਾਜ਼ਰ ਸਨ।