ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 12 ਸਤੰਬਰ
ਚੰਡੀਗੜ੍ਹ ਨਗਰ ਨਿਗਮ ਦੇ ਕੌਂਸਲਰਾਂ ਦੇ ਦਲ ਨੇ ਸਟੱਡੀ ਟੂਰ ਦੇ ਅੱਜ ਦੂਜੇ ਦਿਨ ਮੱਧ ਪ੍ਰਦੇਸ਼ ਸਥਿਤ ਦੇਸ਼ ਦੇ ਸਭ ਤੋਂ ਸਵੱਛ ਇੰਦੌਰ ਸ਼ਹਿਰ ਦਾ ਦੌਰਾ ਕੀਤਾ। ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਢਿੱਲੋਂ ਦੀ ਅਗਵਾਈ ਹੇਠ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਸਮੇਤ 21 ਕੌਂਸਲਰਾਂ ਦੀ ਟੀਮ ਨੇ ਅੱਜ ਇੰਦੌਰ ਵਿੱਚ ਉੱਥੋਂ ਦੀ ਨਗਰ ਨਿਗਮ ਵੱਲੋਂ ਡੋਰ ਟੂ ਡੋਰ ਗਾਰਬੇਜ ਕੁਲੈਕਸ਼ਨ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ਦਾ ਜ਼ਾਇਜਾ ਲਿਆ।
ਚੰਡੀਗੜ੍ਹ ਨਗਰ ਨਿਗਮ ਦੀ ਟੀਮ ਨੇ ਇੱਥੇ ਘਰੋਂ ਤੋਂ ਕੂੜਾ ਇਕੱਤਰ ਕਰਨ ਤੋਂ ਕੂੜੇ ਦੀ ਪ੍ਰੋਸੈਸਿੰਗ ਨੂੰ ਲੈ ਕੇ ਇੰਦੌਰ ਨਗਰ ਨਿਗਮ ਦਾ ਪ੍ਰਾਜੈਕਟਾਂ ਦਾ ਦੌਰਾ ਕੀਤਾ ਜਦਕਿ ਸ਼ਹਿਰ ਵਿੱਚ ਠੋਸ ਕੂੜਾ ਪ੍ਰਬੰਧਨ ਸਬੰਧੀ ਪ੍ਰਾਜੈਕਟਾਂ ਬਾਰੇ ਵੀ ਜਾਣਕਾਰੀ ਲਈ। ਦੇਰ ਸ਼ਾਮ ਨੂੰ ਨਿਗਮ ਦੀ ਟੀਮ ਨੂੰ ਇੰਦੌਰ ਨਗਰ ਨਿਗਮ ਵੱਲੋਂ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦਾ ਵੀ ਦੌਰਾ ਕਰਵਾਇਆ ਗਿਆ। ਮੇਅਰ ਸਰਬਜੀਤ ਕੌਰ ਢਿੱਲੋਂ ਦੀ ਅਗਵਾਈ ਵਾਲੀ ਚੰਡੀਗੜ੍ਹ ਦੀ ਟੀਮ ਨੇ ਇਨ੍ਹਾਂ ਪ੍ਰਾਜੈਕਟਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਚੰਡੀਗੜ੍ਹ ਵਿੱਚ ਵੀ ਇਸ ਨੂੰ ਦਹੁਰਾਉਣ ਲਈ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ।