ਮੁਕੇਸ਼ ਕੁਮਾਰ
ਚੰਡੀਗੜ੍ਹ, 11 ਸਤੰਬਰ
ਚੰਡੀਗੜ੍ਹ ਨਗਰ ਨਿਗਮ ਦੇ ਕੌਂਸਲਰਾਂ ਦੇ ਦਲ ਨੇ ਸਟੱਡੀ ਟੂਰ ਦੇ ਅੱਜ ਪਹਿਲੇ ਦਿਨ ਮੱਧ ਪ੍ਰਦੇਸ਼ ਵਿੱਚ ਉਜੈਨ ਦਾ ਦੌਰਾ ਕੀਤਾ। ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਢਿੱਲੋਂ ਦੀ ਅਗਵਾਈ ਹੇਠ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਸਮੇਤ 21 ਕੌਂਸਲਰਾਂ ਦੀ ਟੀਮ ਨੇ ਅੱਜ ਉਜੈਨ ਵਿੱਚ ‘ਪੁਸ਼ਪਕੁੰਜ’ ਫਲੋਰਲ ਵੇਸਟ ਪਲਾਂਟ ਅਤੇ ਬਾਇਓ-ਮੀਥੇਨੇਸ਼ਨ ਪਲਾਂਟ ਦਾ ਦੌਰਾ ਕੀਤਾ। ਚੰਡੀਗੜ੍ਹ ਨਗਰ ਨਿਗਮ ਦੀ ਟੀਮ ਦਾ ਉਜੈਨ ਸ਼ਹਿਰ ਦੇ ਮੇਅਰ ਮੁਕੇਸ਼ ਤਤਵਾਲ ਨੇ ਉੱਥੇ ਪੁੱਜਣ ’ਤੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਉਜੈਨ ਸ਼ਹਿਰ ਵਿੱਚ ਜਾਰੀ ਖਾਸ ਪ੍ਰਾਜੈਕਟਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਇੱਥੇ 5 ਟੀਪੀਡੀ ਦੀ ਸਮਰੱਥਾ ਵਾਲੇ ਬਾਇਓ-ਮੀਥੇਨੇਸ਼ਨ ਪਲਾਂਟ ਵਿੱਚ ਪ੍ਰਤੀ ਦਿਨ 300 ਯੂਨਿਟ ਬਿਜਲੀ ਅਤੇ 1.5 ਟੀਪੀਡੀ ਕੰਪੋਸਟ ਪੈਦਾ ਕੀਤੀ ਜਾਂਦੀ ਹੈ। ਉਜੈਨ ਦੇ ਮੇਅਰ ਨੇ ਚੰਡੀਗੜ੍ਹ ਨਗਰ ਨਿਗਮ ਦੀ ਟੀਮ ਨੂੰ ਦੱਸਿਆ ਕਿ ਇਹ ਰਹਿੰਦ ਖੂੰਹਦ ਜ਼ਿਆਦਾਤਰ ਨੇੜਲਿਆਂ ਸਬਜ਼ੀ ਮੰਡੀ ਅਤੇ ਨਾਲ ਲੱਗਦੀਆਂ ਕਲੋਨੀਆਂ ਤੋਂ ਇੱਥੇ ਇਕੱਤਰ ਕੀਤੀਆਂ ਜਾਂਦੀਆਂ ਹਨ ਅਤੇ ਇੱਥੇ ਉਨ੍ਹਾਂ ਨੂੰ ਬਾਇਓਗੈਸ ਵਿੱਚ ਬਦਲਿਆ ਜਾਂਦਾ ਹੈ।
ਮੇਅਰ ਮੁਕੇਸ਼ ਤਤਵਾਲ ਨੇ ਚੰਡੀਗੜ੍ਹ ਦੀ ਟੀਮ ਨੂੰ ਦੱਸਿਆ ਕਿ ਮਹਿਜ਼ 18 ਲੱਖ ਦੇ ਨਿਵੇਸ਼ ਨਾਲ ਇਸ 3 ਟੀਪੀਡੀ ਪਲਾਂਟ ਦੀ ਸ਼ੁਰੂਆਤ ਸਾਲ 2019 ਵਿੱਚ ਹੋਈ ਸੀ ਜਿਸ ਵਿੱਚ 11 ਕਰਮਚਾਰੀਆਂ ਕੰਮ ਕਰਦੇ ਹਨ ਅਤੇ ਇਸ ਪ੍ਰਾਜੈਕਟ ਤੋਂ ਡੇਢ ਲੱਖ ਰੁਪਏ ਮਹੀਨਾ ਮਾਲੀਆ ਪੈਦਾ ਹੋ ਰਿਹਾ ਹੈ।