ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 14 ਸਤੰਬਰ
ਇੱਥੋਂ ਦੇ ਪੀਸੀਏ ਸਟੇਡੀਅਮ ਵਿੱਚ 20 ਸਤੰਬਰ ਨੂੰ ਭਾਰਤ ਅਤੇ ਆਸਟਰੇਲੀਆ ਦਰਮਿਆਨ ਤਿੰਨ ਮੈਚਾਂ ਦੀ ਸੀਰੀਜ਼ ਸਬੰਧੀ ਹੋਣ ਵਾਲੇ ਟੀ-20 ਕ੍ਰਿਕਟ ਮੈਚ ਦੀਆਂ ਟਿਕਟਾਂ ਖਰੀਦਣ ਲਈ ਅੱਜ ਵਿਦਿਆਰਥੀਆਂ ਨੂੰ ਮੀਂਹ ਵਿੱਚ ਭਿੱਜਣਾ ਪਿਆ। ਪੀਸੀਏ ਵੱਲੋਂ ਵਿਦਿਆਰਥੀਆਂ ਨੂੰ ਆਪਣਾ ਸਕੂਲੀ ਸ਼ਨਾਖਤੀ ਕਾਰਡ ਵਿਖਾਉਣ ਉੱਤੇ 300 ਰੁਪਏ ਦੀ ਦਰ ਨਾਲ ਵਿਸ਼ੇਸ਼ ਛੋਟ ਤਹਿਤ ਟਿਕਟਾਂ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਕਾਰਨ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਸੀ। ਬਾਕੀ ਸਾਰੀਆਂ ਕੈਟਾਗਰੀਆਂ ਦੀ ਟਿਕਟਾਂ ਦੀ ਵਿਕਰੀ ਆਨਲਾਈਨ ਹੋ ਰਹੀ ਹੈ। ਅੱਜ ਬਾਅਦ ਦੁਪਹਿਰ ਚਾਰ ਵਜੇ ਟਿਕਟ ਕਾਊਂਟਰ ਖੁੱਲ੍ਹਣ ਤੋਂ ਪਹਿਲਾਂ ਹੀ ਟਿਕਟ ਲੈਣ ਦੇ ਚਾਹਵਾਨ ਸੈਂਕੜੇ ਵਿਦਿਆਰਥੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਵੱਡੀ ਗਿਣਤੀ ਵਿੱਚ ਲੜਕੀਆਂ ਵੀ ਟਿਕਟ ਲੈਣ ਪਹੁੰਚੀਆਂ। ਹਲਕੀ ਬੂੰਦਾਂ-ਬਾਂਦੀ ਦੇ ਬਾਵਜੂਦ ਟਿਕਟ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਾਈਨਾਂ ਤੋਂ ਪਾਸੇ ਨਹੀਂ ਹਟੇ। ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਤੋਂ ਦੂਰੋਂ-ਦੂਰੋਂ ਵਿਦਿਆਰਥੀ ਹੱਥਾਂ ਵਿੱਚ ਸ਼ਨਾਖ਼ਤੀ ਕਾਰਡ ਲੈ ਕੇ ਟਿਕਟ ਲੈਣ ਲਈ ਕਤਾਰਾਂ ਵਿੱਚ ਖੜ੍ਹੇ ਸਨ। ਬਹੁਤੇ ਵਿਦਿਆਰਥੀਆਂ ਨੂੰ ਜ਼ਿਆਦਾ ਭੀੜ ਕਾਰਨ ਟਿਕਟ ਲੈਣ ਤੋਂ ਬਿਨਾਂ ਜਾਣਾ ਪਿਆ। ਵਿਦਿਆਰਥੀਆਂ ਨੇ ਇਸ ਮੌਕੇ ਖੱਜਲ-ਖੁਆਰੀ ਹੋਣ ਦੀ ਗੱਲ ਕਰਦਿਆਂ ਟਿਕਟ ਕਾਊਂਟਰ ਵਧਾਉਣ, ਟਿਕਟ ਕਾਊਂਟਰ ਸਵੇਰੇ ਨੌਂ ਵਜੇ ਖੋਲ੍ਹਣ ਅਤੇ ਲੜਕੀਆਂ ਲਈ ਵੱਖਰੇ ਕਾਊਂਟਰ ਬਣਾਉਣ ਦੀ ਵੀ ਮੰਗ ਕੀਤੀ।