ਪੱਤਰ ਪ੍ਰੇਰਕ
ਚੰਡੀਗੜ੍ਹ, 18 ਅਗਸਤ
ਵਿਦਿਆਰਥੀ ਜਥੇਬੰਦੀ ਐੱਸ.ਐੱਫ.ਐੱਸ. ਨੇ ਪੰਜਾਬ ਯੂਨੀਵਰਸਿਟੀ ਵਿੱਚ ਫੀਸਾਂ ਦੇ ਵਾਧੇ ਖਿਲਾਫ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਜਥੇਬੰਦੀ ਦੇ ਪ੍ਰਧਾਨ ਸੰਦੀਪ ਨੇ ਦੱਸਿਆ ਕਿ 16 ਅਗਸਤ ਨੂੰ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇਨਫਰਮੇਸ਼ਨ ਐਂਡ ਟੈਕਨਾਲੋਜੀ (ਯੂ.ਆਈ.ਈ.ਟੀ.) ਦੇ ਵਿਦਿਆਰਥੀਆਂ ਦੇ ਨਾਲ ਐਸ.ਐਫ.ਐਸ. ਨੇ ਫੀਸ ਵਿੱਚ ਵਾਧੇ ਨੂੰ ਵਾਪਸ ਲੈਣ ਲਈ ਇੰਸਟੀਚਿਊਟੀ ਦੇ ਡਾਇਰੈਕਟਰ ਨੂੰ ਮੰਗ ਪੱਤਰ ਵੀ ਸੌਂਪਿਆ ਸੀ। ਵਿਦਿਆਰਥੀ ਆਗੂ ਨੇ ਦੱਸਿਆ ਕਿ ਪੀ.ਯੂ. ਅਥਾਰਿਟੀ ਨੇ ਫੀਸਾਂ ਵਿੱਚ ਮਹਿਜ਼ 5 ਫ਼ੀਸਦੀ ਵਾਧਾ ਦੱਸ ਕੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ ਹੈ ਜਦਕਿ ਇਹ ਵਾਧਾ 22 ਫੀਸਦੀ ਤੋਂ ਵੀ ਜ਼ਿਆਦਾ ਹੈ। ਉਦਾਹਰਣ ਵਜੋਂ ਜਿਵੇਂ ਕਿ ਦਾਖਲੇ ਦੇ ਸਮੇਂ ਯੂ.ਆਈ.ਈ.ਟੀ. ਦੇ ਤੀਜੇ ਸਾਲ ਦੇ ਵਿਦਿਆਰਥੀਆਂ ਨੂੰ ਦਿੱਤੇ ਗਏ ਫੀਸ ਸਟਰੱਕਚਰ ਅਨੁਸਾਰ ਉਨ੍ਹਾਂ ਨੂੰ ਤੀਜੇ ਸਾਲ ਲਈ 85 ਹਜ਼ਾਰ 100 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਸੀ। ਪ੍ਰੰਤੂ ਹੁਣ ਅਥਾਰਿਟੀ ਤੀਜੇ ਸਾਲ ਦੇ ਵਿਦਿਆਰਥੀਆਂ ਤੋਂ 1 ਲੱਖ 4 ਹਜ਼ਾਰ ਰੁਪਏ ਦੀ ਮੰਗ ਕਰ ਰਹੀ ਹੈ। ਇਸ ਲਈ ਇਹ ਸਪੱਸ਼ਟ ਤੌਰ ’ਤੇ 22 ਫੀਸਦੀ ਤੋਂ ਜ਼ਿਆਦਾ ਫੀਸ ਵਾਧਾ ਹੈ। ਇਸੇ ਤਰ੍ਹਾਂ ਹੋਰ ਬੈਚਾਂ ਨੂੰ ਵੀ ਦਾਖਲੇ ਸਮੇਂ ਦੱਸੀ ਗਈ ਫੀਸ ਤੋਂ ਵੱਧ ਫੀਸ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ।