ਪੱਤਰ ਪ੍ਰੇਰਕ
ਚੰਡੀਗੜ੍ਹ, 3 ਨਵੰਬਰ
ਵਿਦਿਆਰਥੀ ਜਥੇਬੰਦੀ ਐੱਸ.ਓ.ਆਈ. ਵੱਲੋਂ ਅੱਜ ਪੰਜਾਬ ਯੂਨੀਵਰਸਿਟੀ ਵਿਚ ਉਪ-ਕੁਲਪਤੀ ਦੀ ਰਿਹਾਇਸ਼ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਕੱਠੇ ਹੋਏ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਕੀਤੀ ਅਤੇ ਉਪ-ਕੁਲਪਤੀ ਨੂੰ ਮਿਲਣ ਲਈ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਅਤੇ ਪੀ.ਯੂ. ਦੀ ਸਕਿਓਰਿਟੀ ਨੇ ਉਨ੍ਹਾਂ ਨੂੰ ਬੈਰੀਕੇਡ ਲਗਾ ਕੇ ਅੰਦਰ ਜਾਣ ਤੋਂ ਰੋਕ ਦਿੱਤਾ। ਇਸ ਉਪਰੰਤ ਵਿਦਿਆਰਥੀਆਂ ਨੇ ਸੜਕ ਉੱਤੇ ਹੀ ਬੈਠ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਜਥੇਬੰਦੀ ਦੇ ਆਗੂ ਗੁਰਪਿਆਰ ਸਿੰਘ ਬਰਾੜ, ਮਨਜੋਧ ਪੱਡਾ, ਹਰਮਨ ਮੰਡੇਰ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਕਈ ਮਹੀਨਿਆਂ ਤੋਂ ਯੂਨੀਵਰਸਿਟੀ ਬੰਦ ਹੋਣ ਕਾਰਨ ਵਿਦਿਆਰਥੀਆਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਵੀ ਉਹ ਕਿਸੇ ਦਾਖ਼ਲੇ ਜਾਂ ਨਤੀਜਿਆਂ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਕਿਸੇ ਅਧਿਕਾਰੀ ਨੂੰ ਮਿਲਣ ਜਾਂਦੇ ਹਨ ਤਾਂ ਕੋਈ ਅਧਿਕਾਰੀ ਉਨ੍ਹਾਂ ਨੂੰ ਮਿਲਦਾ ਨਹੀਂ। ਉਨ੍ਹਾਂ ਮੰਗ ਕੀਤੀ ਕਿ ਵਿਦਿਆਰਥੀਆਂ ਨੂੰ ਮਿਲਣ ਲਈ ਪੂਰੇ ਅਧਿਕਾਰਾਂ ਸਣੇ ਕਿਸੇ ਇੱਕ ਅਜਿਹੇ ਅਧਿਕਾਰੀ ਦੀ ਤਾਇਨਾਤੀ ਕੀਤੀ ਜਾਵੇ ਜਿਹੜਾ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕੇ।
ਮਨਜੋਧ ਪੱਡਾ ਨੇ ਦੱਸਿਆ ਕਿ ਮੌਕੇ ’ਤੇ ਪਹੁੰਚੇ ਡੀ.ਯੂ.ਆਈ. ਪ੍ਰੋ. ਐਸ.ਕੇ. ਤੋਮਰ ਤੇ ਸੁਖਬੀਰ ਕੌਰ ਨੇ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਤਿੰਨ ਘੰਟੇ ਲਈ ਪੱਕਾ ਅਧਿਕਾਰੀ ਤਾਇਨਾਤ ਕੀਤਾ ਜਾਵੇਗਾ। ਇਸ ਵਿਸ਼ਵਾਸ਼ ਉਪਰੰਤ ਰੋਸ ਪ੍ਰਦਰਸ਼ਨ ਖ਼ਤਮ ਕੀਤਾ ਗਿਆ।
ਸੈਨੇਟ ਚੋਣਾਂ ਲਈ ਵੀ ਸੰਘਰਸ਼ ਕਰਨਗੇ ਵਿਦਿਆਰਥੀ
ਐਸਓਆਈ ਦੇ ਆਗੂਆਂ ਨੇ ਪੀਯੂ ਵਿਚ ਸੈਨੇਟ ਚੋਣਾਂ ਨਾ ਕਰਵਾ ਕੇ ਕੇਂਦਰੀ ਬੋਰਡ ਸਥਾਪਿਤ ਕਰਨ ਦੀ ਤਜਵੀਜ਼ ਦਾ ਵੀ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਚ ਸੈਨੇਟ ਚੋਣਾਂ ਕਰਵਾਉਣ ਲਈ ਵਿਦਿਆਰਥੀ ਜਥੇਬੰਦੀਆਂ ਇੱਕਜੁੱਟ ਹੋ ਕੇ ਸੰਘਰਸ਼ ਕਰਨਗੀਆਂ।