ਪੱਤਰ ਪ੍ਰੇਰਕ
ਚੰਡੀਗੜ੍ਹ, 20 ਦਸੰਬਰ
ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਜਥੇਬੰਦੀ ਏਬੀਵੀਪੀ ਨੇ ’ਵਰਸਿਟੀ ਵਿੱਚ ਵਿਦਿਆਰਥੀਆਂ ਦੇ ਰੱਦ ਕੀਤੇ ਵਜ਼ੀਫ਼ਿਆਂ ਦੇ ਮੁੱਦੇ ’ਤੇ ਅੱਜ ਵਾਈਸ ਚਾਂਸਲਰ ਨੂੰ ਮੰਗ ਪੱਤਰ ਭੇਜਿਆ। ਏਬੀਵੀਪੀ ਦੀ ਪੀਯੂ ਯੂਨਿਟ ਦੇ ਪ੍ਰਧਾਨ ਅਮਿਤ ਪੂਨੀਆ, ਸਕੱਤਰ ਸੌਰਿਆ ਮਹਿਰਾ ਨੇ ਦੱਸਿਆ ਕਿ ’ਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਸਾਲ 2020-21 ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਫਰਵਰੀ-2021 ਦੇ ਮਹੀਨੇ ਅਪਲਾਈ ਕੀਤਾ ਸੀ। ਹੁਣ ਕਰੀਬ ਇੱਕ ਸਾਲ ਬਾਅਦ ਉਨ੍ਹਾਂ ਵਿਦਿਆਰਥੀਆਂ ਨੂੰ ਪਤਾ ਚੱਲਿਆ ਹੈ ਕਿ ਉਨ੍ਹਾਂ ਦੀ ਇਸ ਵਜ਼ੀਫ਼ੇ ਲਈ ਅਰਜ਼ੀ ਆਮਦਨ ਸਰਟੀਫਿਕੇਟ ਨਾ ਜਮ੍ਹਾਂ ਕਰਵਾਉਣ ਕਾਰਨ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਬਿਨੈਕਾਰਾਂ ਦਾ ਵਜ਼ੀਫ਼ਾ ਰੱਦ ਹੋ ਗਿਆ ਹੈ, ਉਨ੍ਹਾਂ ਦੇ ਪਰਿਵਾਰਾਂ ਦੀ ਵਿੱਤੀ ਹਾਲਤ ਬਹੁਤ ਕਮਜ਼ੋਰ ਹੈ ਜਿਸ ਕਰ ਕੇ ਉਨ੍ਹਾਂ ਦੀ ਪੜ੍ਹਾਈ ਖ਼ਤਰੇ ਵਿੱਚ ਪੈ ਗਈ ਹੈ।
ਉਨ੍ਹਾਂ ਮੰਗ ਕੀਤੀ ਕਿ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਨ ਦੱਸੇ ਬਗੈਰ ਹੀ ਰੱਦ ਕੀਤੇ ਗਏ ਵਜ਼ੀਫ਼ੇ ਨੂੰ ਜਲਦ ਤੋਂ ਜਲਦ ਰਿਲੀਜ਼ ਕੀਤਾ ਜਾਵੇ। ਜੇ ਅਥਾਰਿਟੀ ਵੱਲੋਂ ਇਹ ਵਜ਼ੀਫ਼ਾ ਰਕਮ ਰਿਲੀਜ਼ ਨਾ ਕੀਤੀ ਗਈ ਤਾਂ ਉਹ ਵੱਡਾ ਸੰਘਰਸ਼ ਸ਼ੁਰੂ ਕਰ ਦੇਣਗੇ।