ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 2 ਅਕਤੂਬਰ
ਯੂਟੀ ਦੇ ਸਿੱਖਿਆ ਵਿਭਾਗ ਨੇ ਵੱਡੀ ਗਿਣਤੀ ਅਧਿਆਪਕਾਂ ਦੀਆਂ ਤਰੱਕੀਆਂ ਕਰ ਦਿੱਤੀਆਂ ਹਨ ਪਰ ਤਰੱਕੀ ਤੋਂ ਬਾਅਦ ਅਧਿਆਪਕਾਂ ਨੂੰ ਦੂਜੇ ਸਕੂਲਾਂ ਵਿਚ ਭੇਜ ਦਿੱਤਾ ਹੈ ਜਿਸ ਕਾਰਨ ਕਈ ਸਕੂਲਾਂ ਦੇ ਸੈਕਸ਼ਨ ਪੁਰਾਣੇ ਅਧਿਆਪਕਾਂ ਤੋਂ ਵਾਂਝੇ ਹੋ ਗਏ ਹਨ ਤੇ ਅਗਲੇ ਦਿਨਾਂ ਵਿਚ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਦਿਆਰਥੀਆਂ ਦੀ ਪ੍ਰੇਸ਼ਾਨੀ ਵੱਧ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕਈ ਸਕੂਲਾਂ ਵਿਚ ਇਸ ਸਬੰਧੀ ਮਾਪਿਆਂ ਵੱਲੋਂ ਸ਼ਿਕਾਇਤਾਂ ਵੀ ਪੁੱਜ ਗਈਆਂ ਹਨ। ਜਾਣਕਾਰੀ ਅਨੁਸਾਰ ਵਿਭਾਗ ਨੇ ਦੋ ਦਿਨ ਪਹਿਲਾਂ ਹੀ ਸੌ ਦੇ ਕਰੀਬ ਅਧਿਆਪਕਾਂ ਨੂੰ ਤਰੱਕੀ ਦਿੱਤੀ ਸੀ ਤੇ ਇਨ੍ਹਾਂ ਅਧਿਆਪਕਾਂ ਨੂੰ ਹੋਰ ਸਕੂਲਾਂ ਵਿਚ ਭੇਜ ਦਿੱਤਾ ਸੀ। ਦੱਖਣੀ ਹਿੱਸੇ ਦੇ ਸਰਕਾਰੀ ਸਕੂਲ ਦੇ ਇਕ ਵਿਦਿਆਰਥੀ ਨੇ ਦੱਸਿਆ ਕਿ ਉਨ੍ਹਾਂ ਦੀ ਜਮਾਤ ਦੇ ਦੋ ਅਧਿਆਪਕ ਹੋਰ ਸਕੂਲਾਂ ਵਿਚ ਭੇਜ ਦਿੱਤੇ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਅਗਲੇ ਹਫਤੇ ਤੋਂ ਤੀਜੀ ਤੋਂ ਅੱਠਵੀਂ ਜਮਾਤ ਦੀ ਪ੍ਰੀਖਿਆ ਹੋਣ ਵਾਲੀ ਹੈ ਤੇ ਨਵੇਂ ਅਧਿਆਪਕਾਂ ਤੋਂ ਉਨ੍ਹਾਂ ਨੂੰ ਸਮਝਣ ਵਿਚ ਸਮਾਂ ਲੱਗੇਗਾ। ਇਕ ਹੋਰ ਵਿਦਿਆਰਥੀ ਦੇ ਪਿਤਾ ਨੇ ਦੱਸਿਆ ਕਿ ਵਿਭਾਗ ਨੇ ਪ੍ਰੀਖਿਆਵਾਂ ਦੇ ਸੈਸ਼ਨ ਵਿਚ ਹੀ ਅਧਿਆਪਕ ਬਦਲ ਦਿੱਤੇ ਹਨ ਜਦਕਿ ਉਸ ਦੀ ਲੜਕੀ ਦਸਵੀਂ ਜਮਾਤ ਵਿਚ ਪੜ੍ਹਦੀ ਹੈ ਤੇ ਉਸ ਦੇ ਟਰਮ-1 ਦੇ ਫਾਈਨਲ ਇਮਤਿਹਾਨ ਨਵੰਬਰ ਵਿਚ ਸ਼ੁਰੂ ਹੋਣੇ ਹਨ ਜਿਸ ਕਾਰਨ ਸਾਰੀ ਜਮਾਤ ਦੇ ਵਿਦਿਆਰਥੀਆਂ ਨੂੰ ਸਮੱਸਿਆ ਆਵੇਗੀ। ਇਸ ਸਬੰਧੀ ਜਮਾਤ ਦੇ ਵਟਸ ਐਪ ਗਰੁੱਪ ਵਿਚ ਵੀ ਚਰਚਾ ਸ਼ੁਰੂ ਹੋ ਗਈ ਹੈ। ਮਾਪਿਆਂ ਨੇ ਮੰਗ ਕੀਤੀ ਹੈ ਕਿ ਅਧਿਆਪਕਾਂ ਨੂੰ ਦੂਜੇ ਸਕੂਲਾਂ ਵਿਚ ਬਦਲਣ ਦਾ ਸਮਾਂ ਪ੍ਰੀਖਿਆਵਾਂ ਤੋਂ ਬਾਅਦ ਕਰਨਾ ਚਾਹੀਦਾ ਹੈ।
ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀਆਂ 1200 ਅਸਾਮੀਆਂ ਖਾਲੀ
ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਵੇਲੇ ਸਰਕਾਰੀ ਸਕੂਲਾਂ ਵਿਚ 1200 ਦੇ ਕਰੀਬ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਯੂਟੀ ਦੇ ਸਿੱਖਿਆ ਵਿਭਾਗ ਨੇ ਸਾਲ 2004 ਵਿੱਚ ਲੈਕਚਰਾਰਾਂ ਦੀ ਭਰਤੀ ਕੀਤੀ ਸੀ। ਇਸ ਤੋਂ ਬਾਅਦ ਸਾਲ 2015 ਵਿਚ ਜੇਬੀਟੀ-ਟੀਜੀਟੀ ਦੇ 1100 ਅਧਿਆਪਕਾਂ ਦੀ ਭਰਤੀ ਕੀਤੀ ਸੀ ਪਰ ਇਹ ਭਰਤੀ ਪੇਪਰ ਲੀਕ ਹੋਣ ਕਾਰਨ ਰੱਦ ਹੋ ਗਈ ਸੀ। ਇਸ ਤੋਂ ਬਾਅਦ ਐਨਟੀਟੀ ਅਧਿਆਪਕਾਂ ਦੀ ਭਰਤੀ ਲਈ ਇਸ਼ਤਿਹਾਰ ਦਿੱਤਾ ਸੀ ਪਰ ਇਸ ਭਰਤੀ ਲਈ ਅਧਿਆਪਕ ਦੋ ਸਾਲਾਂ ਤੋਂ ਨਿਯੁਕਤੀ ਪੱਤਰ ਉਡੀਕ ਰਹੇ ਹਨ।