ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 15 ਨਵੰਬਰ
ਕਰੋਨਾ ਨੇ ਹਰ ਇਕ ਦੇ ਰਹਿਣ-ਸਹਿਣ ਤੇ ਆਦਤਾਂ ’ਤੇ ਅਸਰ ਦਿਖਾਇਆ ਹੈ। ਆਨਲਾਈਨ ਪੜ੍ਹਾਈ ਦਾ ਭੋਜਨ ਨਾਲ ਸਬੰਧ ਵਿਸ਼ੇ ’ਤੇ ਕਰਵਾਏ ਸਰਵੇਖਣ ਵਿੱਚ ਵਿਦਿਆਰਥੀਆਂ ਵਿਚ ਆਨਲਾਈਨ ਆਰਡਰ ਕਰਨ ਦੀ ਰੁਚੀ ਵਧੀ ਹੈ। ਇਹ ਉਹ ਵਿਦਿਆਰਥੀ ਹਨ, ਜਿਨ੍ਹਾਂ ਦੀ ਰੁਚੀ ਪੜ੍ਹਾਈ ਵਿਚ ਘੱਟ ਹੈ। ਇਹ ਖੁਲਾਸਾ ਕਾਰਮਲ ਕਾਨਵੈਂਟ ਦੀ ਸਾਬਕਾ ਵਿਦਿਆਰਥਣ ਸਾਨੀਆ ਗੋਇਲ ਵਲੋਂ ਆਨਲਾਈਨ ਕੀਤੇ ਸਰਵੇਖਣ ਵਿਚ ਹੋਇਆ ਹੈ। ਇਹ ਸਰਵੇਖਣ 10ਵੀਂ ਤੋਂ 12ਵੀਂ ਦੇ 400 ਵਿਦਿਆਰਥੀਆਂ ’ਤੇ ਕੀਤਾ ਗਿਆ। ਇਹ ਸਰਵੇਖਣ ਕਾਰਮਲ ਕਾਨਵੈਂਟ ਸਕੂਲ ਸੈਕਟਰ-9 ਦੀ ਅਧਿਆਪਕਾ ਮਿਨਾਂਕਸ਼ੀ ਜਿੰਦਲ ਤੇ ਸੇਂਟ ਕਬੀਰ ਦੀ ਪੁਨੀਤਾ ਵਡੇਰਾ ਦੀ ਅਗਵਾਈ ਹੇਠ ਕੀਤਾ ਗਿਆ, ਜੋ ਯੂਜੀਸੀ ਕੇਅਰ ਜਨਰਲ ਐਂਡ ਇੰਟਰਨੈਸ਼ਨਲ ਜਨਰਲ ਆਫ ਰਿਸਰਚ ਇਨ ਸੋਸ਼ਲ ਸਾਇੰਸ ਵਿਚ ਛਾਪਿਆ ਗਿਆ ਹੈ।
ਸਰਵੇਖਣ ਵਿਚ ਸਾਹਮਣੇ ਆਇਆ ਕਿ ਜਿਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਰੁਚੀ ਘੱਟ ਹੈ ਉਹ ਕਿਤਾਬਾਂ ਖੋਲ੍ਹਣ ਸਾਰ ਖਾਣੇ ਦਾ ਆਰਡਰ ਕਰਨ ਦੀ ਤਰਜੀਹ ਦਿੰਦੇ ਹਨ। ਸੱਤਰ ਫੀਸਦੀ ਵਿਦਿਆਰਥੀਆਂ ਨੇ ਮੰਨਿਆ ਹੈ ਕਿ ਉਹ ਪੜ੍ਹਨ ਸਾਰ ਹੀ ਆਨਲਾਈਨ ਆਰਡਰ ਕਰ ਦਿੰਦੇ ਹਨ। ਇਸ ਦੇ ਨਾਲ ਹੀ ਸਰੀਰਕ ਗਤੀਵਿਧੀਆਂ ਤੋਂ ਦੂਰ ਤੇ ਸੋਸ਼ਲ ਮੀਡੀਆ ’ਤੇ ਜ਼ਿਆਦਾ ਸਮਾਂ ਬਤਾਉਣ ਵਾਲੇ 82 ਫ਼ੀਸਦੀ ਵਿਦਿਆਰਥੀ ਆਨਲਾਈਨ ਆਰਡਰ ਕਰਨ ਨੂੰ ਤਰਜੀਹ ਦਿੰਦੇ ਹਨ। ਇਸ ਦੇ ਨਾਲ ਹੀ 70 ਫ਼ੀਸਦੀ ਵਿਦਿਆਰਥੀਆਂ ਨੇ ਮੰਨਿਆ ਕਿ ਉਹ ਆਪਣੇ ਮਾਪਿਆਂ ਨਾਲ ਵਿਆਹ ਸਮਾਗਮ ਵਿਚ ਜਾਣਾ ਨਹੀਂ ਪਸੰਦ ਨਹੀਂ ਕਰਦੇ। ਇਸ ਕਾਰਨ ਮਾਪਿਆਂ ਨੂੰ ਇਹ ਕਹਿੰਦੇ ਹਨ ਕਿ ਊਨ੍ਹਾਂ ਲਈ ਆਨਲਾਈਨ ਭੋਜਨ ਮੰਗਵਾਇਆ ਜਾਵੇ। ਇਨ੍ਹਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਵਿਆਹਾਂ ਵਿਚ ਜ਼ਿਆਦਾਤਰ ਉਨ੍ਹਾਂ ਦੇ ਜਾਣਕਾਰ ਨਹੀਂ ਹੁੰਦੇ, ਜਿਸ ਕਾਰਨ ਉਨ੍ਹਾਂ ਲਈ ਸਮਾਂ ਬਤਾਉਣਾ ਔਖਾ ਹੋ ਜਾਂਦਾ ਹੈ। 87 ਫ਼ੀਸਦੀ ਵਿਦਿਆਰਥੀ ਕੋਈ ਖਾਸ ਮੁਕਾਮ ਹਾਸਲ ਕਰਨ ’ਤੇ ਆਨਲਾਈਨ ਆਰਡਰ ਕਰਦੇ ਹਨ। 84 ਫ਼ੀਸਦੀ ਵਿਦਿਆਰਥੀਆਂ ਨੂੰ ਇਸ ਲਈ ਆਨਲਾਈਨ ਆਰਡਰ ਕਰਨ ਦਾ ਮੌਕਾ ਮਿਲ ਜਾਂਦਾ ਹੈ ਕਿ ਉਹ ਆਪਣੇ ਮਾਪਿਆਂ ਦੇ ਕਹਿਣ ਅਨੁਸਾਰ ਚੱਲਦੇ ਹਨ।
ਫੋਨ ਕਰਨ ਦੀ ਥਾਂ ਆਨਲਾਈਨ ਸੰਦੇਸ਼ ਦਾ ਵਰਤਾਰਾ ਵਧਿਆ
ਇਕ ਹੋਰ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਵਿਦਿਆਰਥੀਆਂ ਵਿਚ ਫੋਨ ਕਰਨ ਜਾਂ ਆਪਣੀ ਗੱਲ ਮਿਲ ਕੇ ਦੂਜੇ ਨੂੰ ਕਹਿਣ ਦੀ ਥਾਂ ਆਨਲਾਈਨ ਸੰਦੇਸ਼ ਭੇਜਣ ਦਾ ਵਰਤਾਰਾ ਵਧਿਆ ਹੈ। ਇਹ ਸਰਵੇਖਣ ਤਿੰਨ ਵਿਦਿਆਰਥੀਆਂ ਸਟਰਾਬੇਰੀ ਫੀਲਡਜ਼ ਸਕੂਲ ਸੈਕਟਰ-26 ਦੀ ਅਨੁਰੀਤ, ਅਨਹਤ ਸਿੰਘ ਤੇ ਲਰਨਿੰਗ ਪਾਥ ਸਕੂਲ ਦੀ ਏਕਮਪ੍ਰੀਤ ਕੌਰ ਨੇ ਕੀਤਾ ਹੈ।