ਬਾਰ੍ਹਵੀਂ ਦੇ ਨਤੀਜੇ ਬਾਰੇ ਵਿਦਿਆਰਥੀ ਭੰਬਲਭੂਸੇ ’ਚ

ਦਸਵੀਂ ਦੀ ਤਰਜ਼ ’ਤੇ ਐਲਾਨਿਆ ਜਾ ਸਕਦਾ ਹੈ ਬਾਰ੍ਹਵੀਂ ਜਮਾਤ ਦਾ ਨਤੀਜਾ

ਬਾਰ੍ਹਵੀਂ ਦੇ ਨਤੀਜੇ ਬਾਰੇ ਵਿਦਿਆਰਥੀ ਭੰਬਲਭੂਸੇ ’ਚ

ਪੱਤਰ ਪੇ੍ਰਕ
ਐਸ.ਏ.ਐਸ. ਨਗਰ (ਮੁਹਾਲੀ), 6 ਜੁਲਾਈ

ਕਰੋਨਾਵਾਇਰਸ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਣ ਜਾਂ ਬਾਕੀ ਰਹਿੰਦੇ ਵਿਸ਼ਿਆਂ ਦੀ ਪ੍ਰੀਖਿਆ ਲੈਣ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਭੰਬਲਭੂਸਾ ਬਣਿਆ ਹੋਇਆ ਹੈ। ਸੂਬਾ ਸਰਕਾਰ ਦਸਵੀਂ ਦੀ ਤਰਜ਼ ’ਤੇ ਬਾਰ੍ਹਵੀਂ ਦਾ ਨਤੀਜਾ ਐਲਾਨਣ ਦੇ ਰੌਂਅ ਵਿੱਚ ਹੈ। ਕੌਮੀ ਪੱਧਰ ’ਤੇ ਵੀ ਅਜਿਹੀ ਚਰਚਾ ਚੱਲ ਰਹੀ ਹੈ। ਉਂਜ ਕੁਝ ਦਿਨ ਪਹਿਲਾਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਦੀ ਪੁਰਾਣੇ ਪ੍ਰੀਖਿਆ ਕੇਂਦਰਾਂ ਅਤੇ ਮੌਜੂਦਾ ਸਟੇਟਸ ਰਿਪੋਰਟ ਮਿਲਣ ਤੋਂ ਬਾਅਦ ਬੋਰਡ ਮੈਨੇਜਮੈਂਟ ਨੇ ਬਾਰ੍ਹਵੀਂ ਸ਼੍ਰੇਣੀ ਦੇ ਬਾਕੀ ਰਹਿੰਦੇ ਵਿਸ਼ਿਆਂ ਸਮੇਤ ਦਸਵੀਂ (ਕੇਵਲ ਓਪਨ ਸਕੂਲ) ਦੀ ਨਵੇਂ ਸਿਰਿਓਂ ਸਾਲਾਨਾ ਪ੍ਰੀਖਿਆ ਲੈਣ ਸਬੰਧੀ ਅਗਾਊਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ ਪਰ ਅਚਾਨਕ ਫਿਰ ਤੋਂ ਕਰੋਨਾ ਦੇ ਮਰੀਜ਼ ਵਧਣ ਕਾਰਨ ਪ੍ਰੀਖਿਆਵਾਂ ਹੋਰ ਅੱਗੇ ਪਾ ਦਿੱਤੀਆਂ ਗਈਆਂ ਹਨ।

ਉੱਧਰ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਸਕੂਲ ਬੋਰਡ ਵੱਲੋਂ ਬਾਰ੍ਹਵੀਂ ਦਾ ਨਤੀਜਾ ਐਲਾਨਣ ਜਾਂ ਬਾਕੀ ਰਹਿੰਦੇ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਲੈਣ ਲਈ ਵੱਖ ਵੱਖ ਪਹਿਲੂਆਂ ਨੂੰ ਵਿਚਾਰਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਜਿਵੇਂ ਸਕੂਲ ਪੱਧਰ ’ਤੇ ਲਈਆਂ ਜਾਣ ਵਾਲੀਆਂ ਪ੍ਰੀ-ਬੋਰਡ ਦੀਆਂ ਪ੍ਰੀਖਿਆਵਾਂ ਦੀ ਕਾਰਗੁਜ਼ਾਰੀ ਨੂੰ ਆਧਾਰ ਬਣਾ ਕੇ ਦਸਵੀਂ ਸ਼੍ਰੇਣੀ ਦਾ ਨਤੀਜਾ ਐਲਾਨਿਆ ਗਿਆ ਸੀ, ਉਵੇਂ ਹੁਣ ਬਾਰ੍ਹਵੀਂ ਜਮਾਤ ਦੇ ਜਿਹੜੇ ਵਿਸ਼ਿਆਂ ਦੀ ਪ੍ਰੀਖਿਆ ਹੋ ਚੁੱਕੀ ਹੈ, ਉਨ੍ਹਾਂ ਦੇ ਅੰਕਾਂ ਨੂੰ ਆਧਾਰ ਬਣਾ ਕੇ ਬਾਕੀ ਵਿਸ਼ਿਆਂ ਦਾ ਨਤੀਜਾ ਤਿਆਰ ਕਰਕੇ ਐਲਾਨ ਕਰਨ ਦੀ ਗੱਲ ਕਹੀ ਜਾ ਰਹੀ ਹੈ। ਇਸ ਤੋਂ ਇਲਾਵਾ ਇਹ ਪਹਿਲੂ ਵੀ ਵਿਚਾਰਿਆ ਜਾ ਰਿਹਾ ਹੈ ਕਿ ਬਾਰ੍ਹਵੀਂ ਦੇ ਬਾਕੀ ਰਹਿੰਦੇ ਵਿਸ਼ਿਆਂ ’ਚੋਂ ਸਿਰਫ਼ ਕੈਮਿਸਟਰੀ, ਹਿਸਟਰੀ ਅਤੇ ਪਬਲਿਕ ਐਡਮਨਿਸਟਰੇਸ਼ਨ ਸਮੇਤ ਅੱਠ ਅਹਿਮ ਵਿਸ਼ਿਆਂ ਦੀ ਪ੍ਰੀਖਿਆ ਲੈ ਕੇ ਬਾਕੀ ਵਿਸ਼ਿਆਂ ਦੇ ਉੱਕਾ ਪੁੱਕਾ ਨੰਬਰ ਲਗਾਏ ਜਾਣ। ਉਧਰ, ਕੌਮੀ ਪੱਧਰ ’ਤੇ ਸੀਬੀਐੱਸਈ ਤੇ ਬਾਕੀ ਬੋਰਡਾਂ ਨਾਲ ਸਲਾਹ ਕਰਕੇ ਅਗਲੀ ਰਣਨੀਤੀ ਬਣਾਉਣ ਦੀ ਗੱਲ ਕਹੀ ਜਾ ਰਹੀ ਹੈ। ਇਸ ਬਾਰੇ ਜਦੋਂ ਬੋਰਡ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਉਕਤ ਮੁੱਦਿਆਂ ’ਤੇ ਚਰਚਾ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬਾਰ੍ਹਵੀਂ ਦੇ 143 ਵਿਸ਼ਿਆਂ ’ਚੋਂ 80 ਵਿਸ਼ਿਆਂ ਦੀ ਪ੍ਰੀਖਿਆ ਲਈ ਜਾ ਚੁੱਕੀ ਹੈ ਜਦਕਿ 63 ਵਿਸ਼ਿਆਂ ਦੀ ਪ੍ਰੀਖਿਆ ਲੈਣੀ ਬਾਕੀ ਹੈ। ਕਰੋਨਾ ਕਾਰਨ ਐਨ ਮੌਕੇ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਬਾਰ੍ਹਵੀਂ ਦਾ ਨਤੀਜਾ ਐਲਾਨਣ ਜਾਂ ਬਾਕੀ ਰਹਿੰਦੇ ਵਿਸ਼ਿਆਂ ਦੀ ਪ੍ਰੀਖਿਆ ਲੈਣ ਬਾਰੇ ਅਾਖਰੀ ਫ਼ੈਸਲਾ ਸਰਕਾਰ ਵੱਲੋਂ ਲਿਆ ਜਾਣਾ ਹੈ। ਅਧਿਕਾਰੀ ਨੂੰ ਜਦੋਂ ਵਿਦਿਆਰਥੀਆਂ ਦੇ ਭਵਿੱਖ ਅਤੇ ਅਗਲੀ ਪੜ੍ਹਾਈ ਪ੍ਰਭਾਵਿਤ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪਹਿਲਾਂ ਹੀ ਨੀਟ ਅਤੇ ਜੇਈਈ ਦੀ ਪ੍ਰੀਖਿਆਵਾਂ ਅਕਤੂਬਰ ਤੱਕ ਟਾਲ ਦਿੱਤੀਆਂ ਗਈਆਂ ਹਨ ਜਿਸ ਕਾਰਨ ਬੱਚਿਆਂ ਦੀ ਅਗਲੀ ਪੜ੍ਹਾਈ ਪ੍ਰਭਾਵਿਤ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All