ਪੱਤਰ ਪ੍ਰੇਰਕ
ਚੰਡੀਗੜ੍ਹ, 8 ਸਤੰਬਰ
ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸੈਨੇਟ ਦੀ ਰਜਿਸਟਰਡ ਗਰੈਜੂਏਟ ਕਾਂਸਟੀਚੁਐਂਸੀ ਦੀ ਚੋਣ ਬਾਰੇ ਤਾਰੀਖ਼ ਦਾ ਐਲਾਨ ਕਰਨ ਉਪਰੰਤ ਵਿਦਿਆਰਥੀ ਜਥੇਬੰਦੀਆਂ ਨੇ ਭਾਵੇਂ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਇਸ ਨੂੰ ਆਪਣੇ ਸੰਘਰਸ਼ ਦੀ ਵੱਡੀ ਜਿੱਤ ਵੀ ਗਰਦਾਨਿਆ। ਪਰ ਹਾਲੇ ਵੀ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਵਿਦਿਆਰਥੀਆਂ ਦਾ ਦਿਨ-ਰਾਤ ਦਾ ਧਰਨਾ ਲਗਾਤਾਰ ਜਾਰੀ ਹੈ।
ਅੱਜ ਵੀਸੀ ਦਫ਼ਤਰ ਦੇ ਬਾਹਰ ਪ੍ਰੈੱਸ ਕਾਨਫਰੰਸ ਨੂੰ ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਵਿਦਿਆਰਥੀ ਆਗੂਆਂ ਐਸਐਫਐਸ ਤੋਂ ਸੰਦੀਪ, ਪ੍ਰਿਯਾ, ਗਗਨ, ਐਨਐਸਯੂਆਈ ਤੋਂ ਨਿਖਿਲ, ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਤੋਂ ਗੁਰਦੀਪ ਸਿੰਘ, ਐਸਓਆਈ ਤੋਂ ਮਨਜੋਧ ਪੱਡਾ, ਐਸਐਫਆਈ ਤੋਂ ਆਰੀਅਨ, ਯੂਥ ਫਾਰ ਸਵਰਾਜ ਤੋਂ ਅੰਕੁਰ, ਪੀਐਸਯੂ ਲਲਕਾਰ ਤੋਂ ਅਮਨਦੀਪ ਸਿੰਘ, ਅਮਨ, ਪੂਸੂ ਤੋਂ ਰਵਿੰਦਰ, ਸੱਥ ਤੋਂ ਰਿਮਲਜੋਤ ਸਿੰਘ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਵਿਦਿਆਰਥੀ ਆਪਣੀ ਅਗਲੀ ਮੰਗ ਪੀਯੂ ਕੈਂਪਸ ਵਿਦਿਆਰਥੀਆਂ ਲਈ ਮੁੜ ਖੁੱਲ੍ਹਣ ਤੱਕ ਸੰਘਰਸ਼ ਜਾਰੀ ਰੱਖਣਗੇ।
ਏਐਸਏ ਤੋਂ ਗੁਰਦੀਪ ਸਿੰਘ ਤੇ ਹੋਰ ਵਿਦਿਆਰਥੀਆਂ ਨੇ ਕਿਹਾ ਕਿ ਜਦੋਂ ਤੱਕ ਪੀਯੂ ਵਿੱਚ ਅਕਾਦਮਿਕ ਮਾਹੌਲ ਦੀ ਬਹਾਲੀ ਸਬੰਧੀ ਸਹੀ ਢੰਗ ਨਾਲ ਸ਼ਡਿਊਲ ਜਾਰੀ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਨ੍ਹਾਂ ਦੇ ਪ੍ਰਦਰਸ਼ਨ ਵੱਖੋ-ਵੱਖਰੇ ਢੰਗਾਂ ਨਾਲ ਜਾਰੀ ਰਹਿਣਗੇ।
ਵਿਦਿਆਰਥੀਆਂ ਲਈ ਅਗਲੇ ਹਫ਼ਤੇ ਖੁੱਲ੍ਹੇਗਾ ਪੀਯੂ ਕੈਂਪਸ: ਡੀਐਸਡਬਲਿਊ
ਪੰਜਾਬ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ (ਲੜਕੀਆਂ) ਪ੍ਰੋ. ਮੀਨਾ ਸ਼ਰਮਾ ਨੇ ਕਿਹਾ ਕਿ ’ਵਰਸਿਟੀ ਨੂੰ ਅਗਲੇ ਹਫ਼ਤੇ ਹੀ ਵਿਦਿਆਰਥੀਆਂ ਲਈ ਖੋਲ੍ਹਿਆ ਜਾ ਰਿਹਾ ਹੈ ਪਰ ਸ਼ੁਰੂਆਤ ਵਿੱਚ ਕੋਵਿਡ-19 ਸਬੰਧੀ ਐਸਓਪੀ ਨੂੰ ਧਿਆਨ ਵਿੱਚ ਰੱਖਦਿਆਂ ਪੜਾਅਵਾਰ ਢੰਗ ਨਾਲ ਖੋਲ੍ਹਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ ਕੁਝ ਸਾਇੰਸ ਵਿਭਾਗਾਂ ਵਿੱਚ ਪੋਸਟ ਗ੍ਰੈਜੂਏਟ ਦੇ ਅਖੀਰਲੇ ਸਾਲ ਦੇ ਵਿਦਿਆਰਥੀਆਂ ਲਈ ਖੋਲ੍ਹਿਆ ਜਾਵੇਗਾ।
ਅਧਿਆਪਕਾਂ ਦੀ ਭੁੱਖ ਹੜਤਾਲ ਜਾਰੀ
ਚੰਡੀਗੜ੍ਹ (ਪੱਤਰ ਪ੍ਰੇਰਕ): ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਪੰਜਾਬ ਫੈੱਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜੇਸ਼ਨ (ਪਫੁਕਟੋ) ਦੇ ਸੱਦੇ ’ਤੇ ਅਧਿਆਪਕਾਂ ਦੀ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ। ਹੜਤਾਲ ਵਿੱਚ ਅੱਜ ਡਾ. ਸੰਨੀ ਕੁਮਾਰ, ਡਾ. ਯਸ਼ਪਾਲ ਸਿੰਘ, ਡਾ. ਏ.ਪੀ.ਐਸ. ਬਰਾੜ, ਡਾ. ਅਸ਼ਿਵਨੀ ਕੇ. ਸ਼ਰਮਾ ਅਤੇ ਪੀਏਯੂ ਲੁਧਿਆਣਾ ਤੋਂ ਡਾ. ਪ੍ਰਿਯਾਬਟਾਟਾ ਸ਼ਰਮਾ ਸਣੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਆਫ ਵੈਟਰਨਰੀ ਸਾਇੰਸਿਜ਼ ਤੋਂ ਵੀ ਅਧਿਆਪਕਾਂ ਨੇ ਭਾਗ ਲਿਆ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਪਫੁਕਟੋ ਦੇ ਜਨਰਲ ਸਕੱਤਰ ਡਾ. ਜਗਵੰਤ, ਪੂਟਾ ਦੇ ਪ੍ਰਧਾਨ ਡਾ. ਮ੍ਰਿਤੁੰਜਯ ਕੁਮਾਰ, ਜਨਰਲ ਸਕੱਤਰ ਅਮਰਜੀਤ ਸਿੰਘ ਨੌਰਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਧਿਆਪਕਾਂ ਨੂੰ ਸੱਤਵਾਂ ਤਨਖ਼ਾਹ ਕਮਿਸ਼ਨ ਦੇਣ ਵਿੱਚ ਬਿਨਾ ਮਤਲਬ ਤੋਂ ਦੇਰੀ ਨਾ ਕੀਤੀ ਜਾਵੇ। ਨਵੀਂ ਭਰਤੀ ਲਈ ਤਨਖ਼ਾਹ ਸਕੇਲਾਂ ਨੂੰ ਯੂਜੀਸੀ ਨਾਲੋਂ ਵੱਖ ਕਰਨ ਦਾ ਫ਼ੈਸਲਾ ਵਾਪਸ ਲਿਆ ਜਾਵੇ। ਇਸ ਮੌਕੇ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਤੋਂ ਜਗਤਾਰ ਸਿੰਘ ਵੀ ਹਾਜ਼ਰ ਸਨ।