ਕੁਲਦੀਪ ਸਿੰਘ
ਚੰਡੀਗੜ੍ਹ, 17 ਜਨਵਰੀ
ਇੱਥੇ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਅਤੇ ਰਿਸਰਚ ਸਕਾਲਰਾਂ ਵਿੱਚ ਅੱਜ ਉਸ ਸਮੇਂ ਅਥਾਰਟੀ ਵਿਰੁੱਧ ਮੁੜ ਰੋਹ ਪੈਦਾ ਹੋ ਗਿਆ ਜਦੋਂ ਅਚਾਨਕ ਏ.ਸੀ. ਜੋਸ਼ੀ ਲਾਇਬਰੇਰੀ ਦੇ ਬਾਹਰ ਲਾਇਬ੍ਰੇਰੀ ਅਣਮਿਥੇ ਸਮੇਂ ਲਈ ਬੰਦ ਕਰਨ ਦਾ ਨੋਟਿਸ ਚਿਪਕਾ ਦਿੱਤਾ ਗਿਆ। ਵਿਦਿਆਰਥੀਆਂ ਨੇ ਪੀ.ਯੂ. ਅਥਾਰਟੀ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਲਾਇਬਰੇਰੀ ਤੋਂ ਲੈ ਕੇ ਵਾਈਸ ਚਾਂਸਲਰ ਤੇ ਡੀਨ ਯੂਨੀਵਰਸਿਟੀ ਇੰਸਟਰੱਕਸ਼ਨਜ਼ (ਡੀ.ਯੂ.ਆਈ.) ਦਫ਼ਤਰ ਤੱਕ ਪੈਦਲ ਰੋਸ ਮਾਰਚ ਕੀਤਾ ਗਿਆ। ਵਿਦਿਆਰਥੀਆਂ ਦਾ ਮੰਗ ਪੱਤਰ ਲੈਣ ਲਈ ਕੋਈ ਅਧਿਕਾਰੀ ਬਾਹਰ ਨਹੀਂ ਆਇਆ ਪ੍ਰੰਤੂ ਸਿਰਫ਼ ਪੁਲੀਸ ਹੀ ਮੌਕੇ ’ਤੇ ਪਹੁੰਚੀ। ਇਸ ਦੌਰਾਨ ਵਿਦਿਆਰਥੀਆ ਨੇ ਪੁਲੀਸ ਨੂੰ ਮੰਗ ਪੱਤਰ ਫੜਾਉਣ ਦੀ ਬਜਾਏ ਦਫ਼ਤਰ ਦੇ ਬਾਹਰ ਰੱਖੇ ਬੈਰੀਕੇਡਾਂ ਉੱਤੇ ਹੀ ਮੰਗ ਪੱਤਰ ਟੰਗ ਕੇ ਰੋਸ ਮਾਰਚ ਸਮਾਪਤ ਕੀਤਾ। ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਇਕੱਠੇ ਹੋਏ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਤੋਂ ਗੁਰਦੀਪ ਸਿੰਘ, ਪੀ.ਐੱਸ.ਯੂ. ਲਲਕਾਰ ਤੋਂ ਜੋਬਨਪ੍ਰੀਤ ਸਿੰਘ, ਐੱਸ.ਐੱਫ.ਐੱਸ. ਤੋਂ ਭਵਨਜੋਤ, ਪੰਜਾਬ ਯੂਨੀਵਰਸਿਟੀ ਰਿਸਰਚ ਸਕਾਲਰ ਐਸੋਸੀਏਸ਼ਨ ਤੋਂ ਪਰਮ ਨੇ ਕਿਹਾ ਕਿ ਪੀਯੂ ਅਥਾਰਟੀ ਕਰੋਨਾ ਮਹਾਮਾਰੀ ਦੀ ਆੜ ਵਿੱਚ ਨੌਜਵਾਨ ਪੀੜ੍ਹੀ ਦਾ ਪਹਿਲਾਂ ਹੀ ਨੁਕਸਾਨ ਕਰ ਚੁੱਕੀ ਹੈ ਅਤੇ ਹਾਲੇ ਵੀ ਕਰ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅਥਾਰਟੀ ਨੇ ਪਹਿਲਾਂ ਤਾਂ 13 ਤੋਂ 16 ਜਨਵਰੀ ਤੱਕ ਲਾਇਬਰੇਰੀ ਬੰਦ ਕੀਤੀ ਅਤੇ ਅੱਜ ਅਚਾਨਕ ਨੋਟਿਸ ਚਿਪਕਾ ਦਿੱਤਾ ਗਿਆ ਜਿਸ ਉੱਤੇ ਲਾਇਬਰੇਰੀ ਨੂੰ ਅਗਲੇ ਹੁਕਮਾਂ ਤੱਕ ਅਣਮਿਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ। ਪੀ.ਐੱਸ.ਯੂ. ਲਲਕਾਰ ਤੋਂ ਵਿਦਿਆਰਥੀ ਆਗੂ ਅਮਨਦੀਪ ਕੌਰ ਨੇ ਕਿਹਾ ਕਿ ਜਦੋਂ ਇਸ ਵਾਰ ਲੋਹੜੀ ਉੱਤੇ ਪੀ.ਯੂ. ਦੇ ਰਿਹਾਇਸ਼ੀ ਖੇਤਰ ਵਿੱਚ ਕਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ ਇਕੱਠੇ ਹੋ ਕੇ ਲੋਹੜੀ ਮਨਾਈ ਜਾ ਸਕਦੀ ਹੈ ਅਤੇ ਵਾਈਸ ਚਾਂਸਲਰ ਆਪਣੇ ਕੁਝ ਕੁ ਚਹੇਤੇ ਅਧਿਕਾਰੀਆਂ ਨਾਲ ਮਿਲ ਕੇ ਮੀਟਿੰਗਾਂ ਕਰ ਸਕਦੇ ਹਨ ਤਾਂ ਫਿਰ ਸਿਰਫ਼ ਵਿਦਿਆਰਥੀਆਂ ਦੀ ਹੀ ਪੜ੍ਹਾਈ ਦਾ ਬੇੜਾ ਗਰਕ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਅਥਾਰਟੀ ਨੇ ਅਜਿਹੀਆਂ ਕਾਰਵਾਈਆਂ ਨਾ ਰੋਕੀਆਂ ਤਾਂ ਵਿਦਿਆਰਥੀ ਮਜਬੂਰ ਹੋ ਕੇ ਸੰਘਰਸ਼ ਕਰਨਗੇ।