ਪੱਤਰ ਪ੍ਰੇਰਕ
ਚੰਡੀਗੜ੍ਹ, 9 ਜੂਨ
ਆਖ਼ਰਕਾਰ ਰਿਸਰਚ ਸਕਾਲਰਾਂ ਅਤੇ ਵਿਦਿਆਰਥੀਆਂ ਵੱਲੋਂ ਪੰਜਾਬ ਯੂਨੀਵਰਸਿਟੀ ਵਿੱਚ ਲਾਇਬ੍ਰੇਰੀਆਂ, ਲੈਬਾਰਟਰੀਆਂ ਖੋਲ੍ਹਣ ਵਰਗੀਆਂ ਕਈ ਮੰਗਾਂ ਨੂੰ ਲੈ ਕੇ ਵਿਦਿਆਰਥੀ ਜਥੇਬੰਦੀ ਐੱਸ.ਐੱਫ.ਐੱਸ. ਦੇ ਸੱਦੇ ਉਤੇ ਚੱਲ ਰਹੇ ਦਿਨ ਰਾਤ ਦੇ ਧਰਨੇ ਅੱਗੇ ਪੀ.ਯੂ. ਪ੍ਰਸ਼ਾਸਨ ਨੂੰ ਝੁਕਣਾ ਹੀ ਪਿਆ। ਕਈ ਮਹੀਨਿਆਂ ਤੋਂ ਬੰਦ ਪਈ ਏ.ਸੀ. ਜੋਸ਼ੀ ਲਾਇਬਰੇਰੀ ਅੱਜ ਖੋਲ੍ਹਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਜਿਸ ਦੌਰਾਨ ਵਿਦਿਆਰਥੀਆਂ ਨੇ ਸੁੱਖ ਦਾ ਸਾਹ ਲਿਆ ਅਤੇ ਦਰਵਾਜ਼ਾ ਖੁੱਲ੍ਹਦਿਆਂ ਹੀ ਅੰਦਰ ਬੈਠ ਕੇ ਆਪਣੀ ਪੜ੍ਹਾਈ ਸ਼ੁਰੂ ਕੀਤੀ।
ਪੀ.ਯੂ. ਅਥਾਰਿਟੀ ਨੇ ਦੱਸਿਆ ਕਿ ਏ.ਸੀ. ਜੋਸ਼ੀ ਲਾਇਬਰੇਰੀ 10 ਜੂਨ ਤੋਂ ਰਿਸਰਚ ਸਕਾਲਰਾਂ ਲਈ 50 ਫੀਸਦੀ ਸੀਟਿੰਗ ਕਪੈਸਿਟੀ ਦੀ ਸ਼ਰਤ ਲਗਾ ਕੇ ਖੋਲ੍ਹ ਦਿੱਤੀ ਗਈ ਹੈ। ਲਾਇਬਰੇਰੀ ਖੁੱਲ੍ਹਣ ’ਤੇ ਵਿਦਿਆਰਥੀ ਜਥੇਬੰਦੀ ਐਸ.ਐਫ.ਐਸ. ਦੇ ਪ੍ਰਧਾਨ ਸੰਦੀਪ ਨੇ ਇਸ ਨੂੰ ਰਿਸਰਚ ਸਕਾਲਰਾਂ ਅਤੇ ਵਿਦਿਆਰਥੀਆਂ ਦੀ ਜਿੱਤ ਗਰਦਾਨਿਆ ਪ੍ਰੰਤੂ ਨਾਲ ਹੀ ਕਿਹਾ ਕਿ ਉਨ੍ਹਾਂ ਦੀ ਹਾਲੇ ਇੱਕ ਮੰਗ ਪੂਰੀ ਹੋਈ ਹੈ ਜਦਕਿ ਬਾਕੀ ਮੰਗਾਂ ਲਈ ਸੰਘਰਸ਼ ਅਜੇ ਜਾਰੀ ਰਹੇਗਾ। ਸੰਘਰਸ਼ ਵਿੱਚ ਦੂਸਰੀ ਜਥੇਬੰਦੀ ਸੋਪੂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੀ.ਯੂ. ਅਥਾਰਿਟੀ ਵਿਦਿਆਰਥੀਆਂ ਨੂੰ ਹੋਸਟਲਾਂ ਵਿੱਚ ਵਾਪਸ ਆਉਣ ਦੀ ਇਜਾਜ਼ਤ ਨਹੀਂ ਦਿੰਦੀ ਉਦੋਂ ਤੱਕ ਸਾਰੇ ਰਿਸਰਚ ਸਕਾਲਰ ਰਾਤਾਂ ਨੂੰ ਉਪ-ਕੁਲਪਤੀ ਦੀ ਰਿਹਾਇਸ਼ ਦੇ ਬਾਹਰ ਸੌਂਦੇ ਰਹਿਣਗੇ।
ਗਰਲਜ਼ ਹੋਸਟਲ ਵਿੱਚ ‘ਪੱਖਪਾਤ’ ਵਿਰੁੱਧ ਹੰਗਾਮਾ
ਪੰਜਾਬ ਯੂਨੀਵਰਸਿਟੀ ਸਥਿਤ ਗਰਲਜ਼ ਹੋਸਟਲ ਨੰਬਰ 2 ਵਿੱਚ ਅੱਜ ਦੇਰ ਰਾਤ ਉਸ ਸਮੇਂ ਭਾਰੀ ਹੰਗਾਮਾ ਹੋਇਆ ਜਦੋਂ ਹੋਸਟਲ ਵਿੱਚ ਦਾਖਲਾ ਬੰਦ ਹੋਣ ਦੇ ਬਾਵਜੂਦ ਚੁੱਪ-ਚਪੀਤੇ ਢੰਗ ਨਾਲ ਇੱਕ ਰਿਸਰਚ ਸਕਾਲਰ ਲੜਕੀ ਨੂੰ ਹੋਸਟਲ ਵਿੱਚ ਠਹਿਰਾਉਣ ਦੀ ਗੱਲ ਬਾਹਰ ਆਈ। ਜਿਉਂ ਹੀ ਰਾਤ ਨੂੰ 8 ਵਜੇ ਦੇ ਕਰੀਬ ਵਿਦਿਆਰਥੀ ਜਥੇਬੰਦੀਆਂ ਨੂੰ ਪੀ.ਯੂ. ਦੇ ਇਸ ਪੱਖਪਾਤੀ ਰਵੱਈਏ ਦਾ ਪਤਾ ਲੱਗਾ ਤਾਂ ਵੱਖ-ਵੱਖ ਜਥੇਬੰਦੀਆਂ ਐਸ.ਐਫ.ਐਸ., ਐਨ.ਐਸ.ਯੂ.ਆਈ. ਅਤੇ ਪੀ.ਐਸ.ਯੂ. (ਲਲਕਾਰ) ਦੇ ਆਗੂ ਤੁਰੰਤ ਗਰਲਜ਼ ਹੋਸਟਲ ਨੰਬਰ 2 ਦੇ ਬਾਹਰ ਇਕੱਠੇ ਹੋ ਗਏ। ਐਸ.ਐਫ.ਐਸ. ਦੇ ਪ੍ਰਧਾਨ ਸੰਦੀਪ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਵੈਸੇ ਤਾਂ ਪੀ.ਯੂ. ਅਥਾਰਿਟੀ ਵੱਲੋਂ ਕਰੋਨਾ ਮਹਾਂਮਾਰੀ ਦੀ ਆੜ ਹੇਠ ਹੋਸਟਲਾਂ ਵਿੱਚ ਵਿਦਿਆਰਥੀਆਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ ਹੈ ਪ੍ਰੰਤੂ ਦੂਜੇ ਪਾਸੇ ਅੱਜ ਅਥਾਰਿਟੀ ਦੇ ਕੁਝ ਅਧਿਕਾਰੀ ਅਤੇ ਹੋਸਟਲ ਦੀ ਵਾਰਡਨ ਦੇਰ ਸ਼ਾਮ ਭਾਜਪਾ ਦੇ ਵਿਦਿਆਰਥੀ ਵਿੰਗ ਏ.ਬੀ.ਵੀ.ਪੀ. ਨਾਲ ਸਬੰਧਿਤ ਇੱਕ ਲੜਕੀ ਨੂੰ ਹੋਸਟਲ ਵਿੱਚ ਠਹਿਰਾਉਣ ਲਈ ਚੁੱਪ-ਚਪੀਤੇ ਢੰਗ ਨਾਲ ਪਹੁੰਚ ਗਏ। ਸੰਦੀਪ ਨੇ ਕਿਹਾ ਕਿ ਪੀ.ਯੂ. ਅਥਾਰਿਟੀ ਦੀ ਇਸ ਹਰਕਤ ਨਾਲ ਅਥਾਰਿਟੀ ਦਾ ਦੋਗਲਾ ਚਿਹਰਾ ਨੰਗਾ ਹੋ ਗਿਆ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।