ਪੀਯੂ ’ਚ ਪ੍ਰਦਰਸ਼ਨ ਕਰਦੇ ਵਿਦਿਆਰਥੀ ਪੁਲੀਸ ਨੇ ਥਾਣੇ ਡੱਕੇ

ਬੈਰੀਕੇਡਿੰਗ ਤੋੜ ਕੇ ਵਾਈਸ ਚਾਂਸਲਰ ਦੇ ਘਰ ਅੱਗੇ ਜਾ ਬੈਠੇ ਵਿਦਿਆਰਥੀਆਂ ਤੇ ਰਿਸਰਚ ਸਕਾਲਰਾਂ ’ਤੇ ਪੁਲੀਸ ਵੱਲੋਂ ਹਲਕਾ ਲਾਠੀਚਾਰਜ

ਪੀਯੂ ’ਚ ਪ੍ਰਦਰਸ਼ਨ ਕਰਦੇ ਵਿਦਿਆਰਥੀ ਪੁਲੀਸ ਨੇ ਥਾਣੇ ਡੱਕੇ

ਬੈਰੀਕੇਡ ਲਗਾ ਕੇ ਰੋਕਣ ’ਤੇ ਸੜਕ ਉੱਤੇ ਬੈਠ ਕੇ ਧਰਨਾ ਦਿੰਦੇ ਹੋਏ ਵਿਦਿਆਰਥੀ ਤੇ ਰਿਸਰਚ ਸਕਾਲਰ।

ਕੁਲਦੀਪ ਸਿੰਘ
ਚੰਡੀਗੜ੍ਹ, 18 ਜੂਨ

ਪੰਜਾਬ ਯੂਨੀਵਰਸਿਟੀ ਵਿੱਚ ਪਿੱਛਲੇ ਕਈ ਦਿਨਾਂ ਤੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਰਿਸਰਚ ਸਕਾਲਰਾਂ ਅਤੇ ਵਿਦਿਆਰਥੀਆਂ ਨੂੰ ਅੱਜ ਉਦੋਂ ਪੁਲੀਸ ਦੇ ਹਲਕੇ ਲਾਠੀਚਾਰਜ ਦਾ ਸਾਹਮਣਾ ਕਰਨਾ ਪਿਆ ਜਦੋਂ ਧਰਨਾ ਪ੍ਰਦਰਸ਼ਨ ਦੌਰਾਨ ਉਹ ਬੈਰੀਕੇਡ ਤੋੜ ਕੇ ਵਾਈਸ ਚਾਂਸਲਰ ਦੇ ਘਰ ਅੱਗੇ ਜਾ ਬੈਠੇ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਵਿਦਿਆਰਥੀ ਵਾਈਸ ਚਾਂਸਲਰ ਨੂੰ ਬਾਹਰ ਬੁਲਾ ਕੇ ਆਪਣੀਆਂ ਮੰਗਾਂ ਤੇ ਸਮੱਸਿਆਵਾਂ ਬਾਰੇ ਦੱਸਣ ਦੀ ਮੰਗ ਕਰ ਰਹੇ ਸਨ ਪਰ ਇੰਨੇ ਚਿਰ ਨੂੰ ਪੁਲੀਸ ਨੇ ਉਨ੍ਹਾਂ ਸਾਰਿਆਂ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਪਹੁੰਚਾ ਦਿੱਤਾ।

ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਆਪਣੇ ਸਾਥੀ ਵਿਦਿਆਰਥੀਆਂ ਤੇ ਰਿਸਰਚ ਸਕਾਲਰਾਂ ਦਾ ਪਤਾ ਲੱਗਦਿਆਂ ਹੀ ਹੋਰ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਗੇਟ ਨੰਬਰ-2 ’ਤੇ ਪਹੁੰਚ ਕੇ ਪੁਲੀਸ ਅਤੇ ਪੀਯੂ ਅਥਾਰਟੀ ਖ਼ਿਲਾਫ਼ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਪੁਲੀਸ ਨੇ ਉਨ੍ਹਾਂ ਨੂੰ ਵੀ ਚੁੱਕ ਕੇ ਥਾਣੇ ਪਹੁੰਚਾ ਦਿੱਤਾ। ਪ੍ਰਦਰਸ਼ਨਕਾਰੀਆਂ ਵਿੱਚ ਕਈ ਲੜਕੀਆਂ ਵੀ ਸਨ ਜਿਨ੍ਹਾਂ ਨੂੰ ਥਾਣੇ ਲਿਜਾਣ ਉਪਰੰਤ ਛੱਡ ਦਿੱਤਾ ਗਿਆ ਪਰ ਬਾਕੀ ਵਿਦਿਆਰਥੀਆਂ ਨੂੰ ਦੇਰ ਸ਼ਾਮ ਤੱਕ ਥਾਣੇ ਬਿਠਾਈ ਰੱਖਿਆ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਐਸਐਫਐਸ ਤੋਂ ਸੰਦੀਪ, ਅੰਮ੍ਰਿਤਪਾਲ, ਵਰਿੰਦਰ, ਸੁਖਮਨ, ਅਕਾਸ਼ਦੀਪ, ਸੁਖਦੇਵ, ਐਨਐਸਯੂਆਈ ਤੋਂ ਰਾਹੁਲ, ਪਰਗਟ, ਸਰਵੋਤਮ ਰਾਣਾ, ਸੋਪੂ ਤੋਂ ਬਲਰਾਜ ਸੰਧੂ ਆਦਿ ਸਣੇ 45 ਦੇ ਕਰੀਬ ਵਿਦਿਆਰਥੀਆਂ ਤੇ ਰਿਸਰਚ ਸਕਾਲਰਾਂ ਨੂੰ ਪੁਲੀਸ ਥਾਣੇ ਪਹੁੰਚਾਇਆ ਗਿਆ।

ਵਾਈਸ ਚਾਂਸਲਰ ਦੀ ਰਿਹਾਇਸ਼ ’ਤੇ ਪਹੁੰਚਣ ਤੋਂ ਪਹਿਲਾਂ ਵਿਦਿਆਰਥੀਆਂ ਨੇ ਉਨ੍ਹਾਂ ਦੇ ਦਫ਼ਤਰ ਬਾਹਰ ਰੋੋਸ ਪ੍ਰਦਰਸ਼ਨ ਕੀਤਾ। ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਸੰਦੀਪ, ਅੰਮ੍ਰਿਤਪਾਲ ਤੇ ਗਗਨ ਆਦਿ ਨੇ ਕਿਹਾ ਕਿ ਪੀਯੂ ਅਥਾਰਟੀ ਕੈਂਪਸ ਵਿੱਚ ਭਾਜਪਾ ਅਤੇ ਆਰਐਸਐਸ ਦਾ ਏਜੰਡਾ ਲਾਗੂ ਕਰ ਰਹੀ ਹੈ। ਇਸ ਨੂੰ ਲੈ ਕੇ ਪੂਰਾ ਵਿਦਿਆਰਥੀ ਵਰਗ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਸੰਘਰਸ਼ ਕਰ ਰਹੇ ਜਥੇਬੰਦੀਆਂ ਨਾਲ ਸਬੰਧਿਤ ਵਿਦਿਆਰਥੀਆਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਜਦਕਿ ਕੁਝ ਦਿਨ ਪਹਿਲਾਂ ਭਾਜਪਾ ਦੇ ਵਿਦਿਆਰਥੀ ਵਿੰਗ ਏਬੀਵੀਪੀ ਨਾਲ ਸਬੰਧਿਤ ਪੁਰਸ਼ ਆਗੂਆਂ ਨੂੰ ਲੜਕੀਆਂ ਦੇ ਹੋਸਟਲ ਵਿੱਚ ਬੁਲਾ ਕੇ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇ ਅਥਾਰਟੀ ਏਬੀਵੀਪੀ ਨੂੰ ਹੀ ਕਿਸੇ ਗੱਲ ਦਾ ਸਿਹਰਾ ਦੇਣਾ ਚਾਹੁੰਦੀ ਹੈ ਤਾਂ ਉਹ ਵੀ ਸਾਰੇ ਵਿਦਿਆਰਥੀਆਂ ਨੂੰ ਮਨਜ਼ੂਰ ਹੈ ਪਰ ਵਿਦਿਆਰਥੀਆਂ ਦੀਆਂ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਹਨ।

ਇਹ ਹਨ ਵਿਦਿਆਰਥੀਆਂ ਦੀਆਂ ਮੰਗਾਂ

ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਵਿਦਿਆਰਥੀਆਂ ਦੀਆਂ ਮੰਗਾਂ ਵਿੱਚ ਹੋਸਟਲ ਅਤੇ ਲੈਬਾਰਟਰੀਆਂ ਖੁੱਲ੍ਹਵਾਉਣੀਆਂ, ਕਰੋਨਾ ਕਾਲ ਵਿੱਚ ਤਾਲ਼ਾਬੰਦੀ ਦਾ ਸਮਾਂ ਹੋਸਟਲ ਲਈ ਜ਼ੀਰੋ ਮੰਨਿਆ ਜਾਵੇ, ਯੂਨੀਵਰਸਿਟੀ ਜਾਂ ਯੂਨੀਵਰਸਿਟੀ ਤੋਂ ਬਾਹਰ ਦੇ ਗਾਈਡ ਵਾਲੇ ਸਾਰੇ ਰਿਸਰਚ ਸਕਾਲਰਾਂ ਨੂੰ ਹੋਸਟਲ ਦਿੱਤਾ ਜਾਵੇ, ਮੁੰਡਿਆਂ ਅਤੇ ਕੁੜੀਆਂ ਦੇ ਹੋਸਟਲਾਂ ਵਿੱਚ ਇੱਕ-ਇੱਕ ਮੈੱਸ, ਕੰਨਟੀਨ ਖੋਲ੍ਹੀ ਜਾਵੇ ਅਤੇ ਝੂਠੀਆਂ ਪੁਲੀਸ ਸ਼ਿਕਾਇਤਾਂ ਨੂੰ ਤੁਰੰਤ ਵਾਪਸ ਲਿਆ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All