ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 5 ਅਕਤੂਬਰ
ਹਰ ਐਤਵਾਰ ਨੂੰ ਦੂਰਦਰਸ਼ਨ ਪੰਜਾਬੀ ਚੈਨਲ ’ਤੇ ਪੇਸ਼ ਕੀਤੇ ਜਾ ਰਹੇ ਸਭਿਆਚਾਰਕ, ਸਿੱਖਿਆਦਾਇਕ ਅਤੇ ਮਨੋਰੰਜਕ ਪ੍ਰੋਗਰਾਮ ਨੂੰ ਲੈ ਕੇ ਮਾਪੇ ਖ਼ੁਸ਼ ਹਨ। ਸਰਕਾਰੀ ਪ੍ਰਾਇਮਰੀ ਸਕੂਲ ਪੰਜਗਰਾਈਂ ਕਲਤ (ਫਰੀਦਕੋਟ) ਦੀਆਂ ਨੰਨ੍ਹੀਆਂ ਬੱਚੀਆਂ ਨੇ ਧਾਰਮਿਕ ਸ਼ਬਦ ਗਾਇਨ ਰਾਹੀਂ ਐਤਵਾਰ ਦੇ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ। ਕਾਉਂਕੇ ਕਲਾਂ ਸਕੂਲ (ਲੁਧਿਆਣਾ), ਸੈਦੋ (ਤਰਨਤਾਰਨ) ਦੇ ਬੱਚਿਆਂ ਨੇ ਲੋਕ-ਗੀਤਾਂ ਦੀ ਪੇਸ਼ਕਾਰੀ ਨੇ ਕੀਤੀ। ਨਸੀਰਪੁਰ ਸਕੂਲ (ਮੋਗਾ) ਦੇ ਬੱਚਿਆਂ ਨੇ ਵਾਧੂ ਪਏ ਸਮਾਨ ਦੀ ਮੁੜ ਵਰਤੋਂ ਬਾਰੇ ਦੱਸਿਆ। ਸਨੇਟਾ ਸਕੂਲ (ਮੁਹਾਲੀ) ਦੇ ਬੱਚਿਆਂ ਨੇ ਕੱਵਾਲੀ ਰਾਹੀਂ ਰੰਗ ਬੰਨ੍ਹਿਆ। ਮੁਸਤਫਾਪੁਰ ਸਕੂਲ (ਜਲੰਧਰ), ਕੋਟਲੀ ਸੱਕਿਆ ਵਾਲੀ (ਸ੍ਰੀ ਅੰਮ੍ਰਿਤਸਰ ਸਾਹਿਬ), ਫੱਤਾ ਖੇੜਾ (ਸ੍ਰੀ ਮੁਕਤਸਰ ਸਾਹਿਬ) ਦੇ ਬੱਚਿਆਂ ਨੇ ਭਾਸ਼ਣ, ਬਹੌੜੂ (ਅੰਮ੍ਰਿਤਸਰ) ਸਕੂਲ ਵੱਲੋਂ ਕਵਿਤਾ, ਡਿੱਬੀਪੁਰਾ (ਫਾਜ਼ਿਲਕਾ), ਭੁੱਚੋ ਮੰਡੀ (ਬਠਿੰਡਾ), ਸੈਦਪੁਰ (ਨਵਾਂ ਸ਼ਹਿਰ) ਦੇ ਬੱਚਿਆਂ ਵੱਲੋਂ ਸੋਲੋ ਡਾਂਸ ਪੇਸ਼ ਕੀਤੇ ਗਏ। ਨੌਸ਼ਹਿਰਾ ਪੱਤਣ (ਹੁਸ਼ਿਆਰਪੁਰ) ਦੇ ਬੱਚੇ ਨੇ ਕਹਾਣੀ, ਸਕੋਹਾਂ (ਪਟਿਆਲਾ) ਸਕੂਲ ਦੇ ਬੱਚਿਆਂ ਵੱਲੋਂ ਗਰੁੱਪ ਡਾਂਸ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੇ ਅਖੀਰ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਭੁੰਨੋ (ਹੁਸ਼ਿਆਰਪੁਰ) ਦੇ ਬੱਚਿਆਂ ਨੇ ਭੰਗੜੇ ਪੇਸ਼ਕਾਰੀ ਨੂੰ ਸਮੁੱਚੇ ਪ੍ਰੋਗਰਾਮ ਨੂੰ ਚਾਰ ਚੰਨ ਲਗਾ ਦਿੱਤੇ। ‘ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ’ ਦੇ ਸਟੇਟ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਨੇ ਸਮੂਹ ਅਧਿਆਪਕ ਵਰਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਨਲਾਈਨ ਸਿੱਖਿਆ ਦੇ ਨਾਲ-ਨਾਲ ਸਕੂਲੀ ਬੱਚਿਆਂ ਦੇ ਮਨੋਰੰਜਨ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਦੇ ਹਨ। ਇਸ ਨਾਲ ਜਿੱਥੇ ਬੱਚਿਆਂ ਨੂੰ ਆਪਣੀ ਕਲਾ ਨੂੰ ਮੰਚ ’ਤੇ ਪ੍ਰਗਟਾਉਣ ਦਾ ਮੌਕਾ ਮਿਲਦਾ ਹੈ, ਉੱਥੇ ਦੂਜੇ ਬੱਚੇ ਵੀ ਉਤਸ਼ਾਹਿਤ ਹੁੰਦੇ ਹਨ।