ਪੱਤਰ ਪ੍ਰੇਰਕ
ਕੁਰਾਲੀ, 15 ਜਨਵਰੀ
ਸ਼ਹਿਰ ਦੀ ਸੀਸਵਾਂ ਰੋਡ ’ਤੇ ਪੈਂਦੇ ਪ੍ਰਾਈਵੇਟ ਸਕੂਲ ਦੇ ਪ੍ਰਬੰਧਕਾਂ ਨੇ ਫੀਸ ਨਾ ਦੇਣ ’ਤੇ ਬੱਚੇ ਨੂੰ ਆਨਲਾਈਨ ਜਮਾਤਾਂ ਵਿੱਚੋਂ ਕੱਢ ਦਿੱਤਾ ਹੈ। ਇਸ ਕਾਰਨ ਰੋਹ ਵਿੱਚ ਆਏ ਵਿਦਿਆਰਥੀ ਦੇ ਮਾਪਿਆਂ ਨੇ ਐੱਸਡੀਐੱਮ ਖਰੜ ਅਤੇ ਹੋਰਨਾਂ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤ ਬੱਚੇ ਦੀ ਮਾਤਾ ਤਰੁਣ ਕੁਮਾਰੀ ਵਾਸੀ ਫਤਿਹਪੁਰ ਸਿਆਲਬਾ ਨੇ ਦੱਸਿਆ ਕਿ ਉਸ ਦਾ ਪੁੱਤਰ ਭਵਯ ਗੁਪਤਾ ਸੀਸਵਾਂ ਰੋਡ ’ਤੇ ਸਥਿਤ ਸ਼ੇਖਪੁਰਾ ਨੇੜਲੇ ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਵਿੱਚ ਤੀਜੀ ਜਮਾਤ ਵਿੱਚ ਪੜ੍ਹਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਨੇ ਉਸ ਦੇ ਬੱਚੇ ਨੂੰ ਅਚਾਨਕ ਹੀ ਆਨ-ਲਾਈਨ ਜਮਾਤ ਵਿੱਚੋਂ ਕੱਢ ਦਿੱਤਾ। ਉਸ ਨੇ ਦੱਸਿਆ ਕਿ ਇਸ ਸਬੰਧੀ ਜਦੋਂ ਸਕੂਲ ਵਿੱਚ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਪ੍ਰਿੰਸੀਪਲ ਨਾਲ ਮਿਲਾਉਣ ਦੀ ਥਾਂ ਸਟਾਫ਼ ਨੇ ਇਹ ਕਹਿ ਕੇ ਵਾਪਸ ਮੋੜ ਦਿੱਤਾ ਕਿ ਬੱਚੇ ਦੀ ਤਿੰਨ ਮਹੀਨਿਆਂ ਤੋਂ ਫ਼ੀਸ ਪੈਂਡਿੰਗ ਹੋਣ ਕਾਰਨ ਆਨਲਾਈਨ ਜਮਾਤ ਵਿੱਚੋਂ ਨਾਂ ਖਾਰਜ ਕੀਤਾ ਗਿਆ ਹੈ। ਤਰੁਣ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਸਕੂਲ ਦੇ ਪ੍ਰਬੰਧਕਾਂ ਵੱਲੋਂ ਪਹਿਲਾਂ ਫ਼ੀਸ ਜਮ੍ਹਾਂ ਕਰਵਾਉਣ ’ਤੇ ਹੀ ਆਨ-ਲਾਈਨ ਜਮਾਤ ਮੁੜ ਬਹਾਲ ਕਰਨ ਦੀ ਗੱਲ ਆਖੀ ਗਈ। ਉਸ ਨੇ ਦੱਸਿਆ ਕਿ ਕਈ ਹੋਰ ਬੱਚਿਆਂ ਨਾਲ ਵੀ ਅਜਿਹਾ ਕੀਤਾ ਜਾ ਰਿਹਾ ਹੈ। ਉਧਰ ਸਕੂਲ ਦੇ ਪ੍ਰਬੰਧਕ ਡਾ. ਜੈ ਕੁਮਾਰ ਸਿੰਘ ਨੇ ਫੋਨ ’ਤੇ ਇਸ ਸਬੰਧੀ ਟਿੱਪਣੀ ਦੇਣ ਤੋਂ ਸਾਫ਼ ਮੁਨਕਰ ਹੁੰਦਿਆਂ ਕਿਹਾ ਕਿ ਇਸ ਸਬੰਧੀ ਉਹ ਕੋਈ ਗੱਲਬਾਤ ਨਹੀਂ ਕਰ ਸਕਦੇ। ਦੂਜੇ ਪਾਸੇ ਐੱਸਡੀਐੱਮ ਖਰੜ ਨੇ ਮਾਮਲੇ ਦੀ ਜਾਂਚ ਅਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ।