ਪੱਤਰ ਪ੍ਰੇਰਕ
ਚੰਡੀਗੜ੍ਹ, 13 ਅਕਤੂਬਰ
ਪੰਜਾਬ ਯੂਨੀਵਰਸਿਟੀ ਵਿੱਚ 18 ਅਕਤੂਬਰ ਨੂੰ ਹੋਣ ਜਾ ਰਹੀਆਂ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਲਈ ਅਥਾਰਿਟੀ ਵੱਲੋਂ ਅੱਜ ਯੋਗ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਮੁਤਾਬਕ ਚੋਣਾਂ ਵਿੱਚ ਪ੍ਰਧਾਨਗੀ ਦੇ ਅਹੁਦੇ ਲਈ 8 ਉਮੀਦਵਾਰ, ਮੀਤ ਪ੍ਰਧਾਨ ਲਈ ਤਿੰਨ, ਸਕੱਤਰ ਲਈ ਚਾਰ, ਸੰਯੁਕਤ ਸਕੱਤਰ ਲਈ 6 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਉਮੀਦਵਾਰਾਂ ਦੀ ਫਾਈਨਲ ਸੂਚੀ ਮੁਤਾਬਕ ਪ੍ਰਧਾਨਗੀ ਦੇ ਅਹੁਦੇ ਲਈ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਸੀ.ਵਾਈ.ਐੱਸ.ਐੱਸ. ਤੋਂ ਆਯੂਸ਼ ਖਟਕੜ, ਐੱਸ.ਐੱਫ.ਐੱਸ. ਤੋਂ ਭਵਨਜੋਤ ਕੌਰ, ਪੀ.ਐੱਸ.ਯੂ. (ਲਲਕਾਰ) ਤੋਂ ਗੁਰਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐੱਸ.ਓ.ਆਈ. ਤੋਂ ਮਾਧਵ ਸ਼ਰਮਾ, ‘ਸੱਥ’ ਤੋਂ ਜੋਧ ਸਿੰਘ, ‘ਪੁਸੂ’ ਤੋਂ ਸ਼ਿਵਾਲੀ, ਭਾਰਤੀ ਜਨਤਾ ਪਾਰਟੀ ਦੇ ਵਿਦਿਆਰਥੀ ਵਿੰਗ ਏ.ਬੀ.ਵੀ.ਪੀ. ਤੋਂ ਹਰੀਸ਼ ਗੁੱਜਰ ਚੋਣ ਮੈਦਾਨ ਵਿੱਚ ਹਨ।
ਵਿਦਿਆਰਥੀ ਕੌਂਸਲ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਪੁਲੀਸ ਵੱਲੋਂ ਕੈਂਪਸ ਵਿੱਚ ਅੱਜ ਵੀ ਸਖ਼ਤੀ ਵਰਤੀ ਗਈ ਜਿਸ ਦੇ ਚਲਦਿਆਂ ਮੁੱਖ ਗੇਟਾਂ ’ਤੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ ਅਤੇ ਬਾਹਰੀ /ਸ਼ੱਕੀ ਵਿਅਕਤੀਆਂ ਨੂੰ ਕੈਂਪਸ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ।
ਚੋਣਾਂ ਲਈ ਚਾਰ ਜਥੇਬੰਦੀਆਂ ਵਿਚਕਾਰ ਸਮਝੌਤਾ
ਪੀ.ਯੂ. ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਲਈ ਚਾਰ ਵਿਦਿਆਰਥੀ ਜਥੇਬੰਦੀਆਂ ਵਿਚਕਾਰ ਆਪਸੀ ਸਮਝੌਤਾ ਹੋ ਗਿਆ ਹੈ ਜਿਨ੍ਹਾਂ ਵਿੱਚ ਇਨਸੋ, ਐੱਚ.ਪੀ.ਐੱਸ.ਯੂ., ਹਿਮਸੂ ਤੇ ਏ.ਬੀ.ਵੀ.ਪੀ. ਸ਼ਾਮਿਲ ਹਨ। ਜਾਣਕਾਰੀ ਮੁਤਾਬਕ ਪ੍ਰਧਾਨਗੀ ਦੇ ਅਹੁਦੇ ਲਈ ਏ.ਬੀ.ਵੀ.ਪੀ. ਦਾ ਉਮੀਦਵਾਰ ਹਰੀਸ਼ ਗੁੱਜਰ ਚੋਣ ਲੜੇਗਾ।