ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 9 ਸਤੰਬਰ
ਪੰਜਾਬ ਯੂਨੀਵਰਸਿਟੀ ਤੇ ਸ਼ਹਿਰ ਦੇ ਇਸ ਨਾਲ ਸਬੰਧਤ ਕਾਲਜਾਂ ਵਿਚ ਵਿਦਿਆਰਥੀ ਚੋਣਾਂ ਦੇ ਮੱਦੇਨਜ਼ਰ ਜਥੇਬੰਦੀਆਂ ਵਲੋਂ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਨੇ ਹਾਲੇ ਵਿਦਿਆਰਥੀ ਚੋਣਾਂ ਸਬੰਧੀ ਤਰੀਕ ਨਹੀਂ ਐਲਾਨੀ ਪਰ ਕਾਲਜਾਂ ਵਿਚ ਲੜਾਈ ਝਗੜੇ ਵਧ ਗਏ ਹਨ ਜਿਸ ਕਾਰਨ ਚੰਡੀਗੜ੍ਹ ਪੁਲੀਸ ਨੇ ਸ਼ਹਿਰ ਦੇ ਦੋ ਨਿੱਜੀ ਕਾਲਜਾਂ ਵਿਚ ਬਾਊਂਸਰ ਲਾਉਣ ਦੀ ਤਜਵੀਜ਼ ਭੇਜੀ ਹੈ। ਇਸ ਸਬੰਧੀ ਦੋ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਪੁਲੀਸ ਅਧਿਕਾਰੀਆਂ ਵੱਲੋਂ ਦੋ ਦਿਨ ਪਹਿਲਾਂ ਮੀਟਿੰਗ ਵੀ ਕੀਤੀ ਗਈ ਸੀ ਜਿਸ ਵਿਚ ਕਾਲਜ ਅਧਿਕਾਰੀਆਂ ਨੇ ਪੁਲੀਸ ਨੂੰ ਕਾਲਜ ਦੇ ਬਾਹਰ ਨਫਰੀ ਵਧਾਉਣ ਦੀ ਅਪੀਲ ਵੀ ਕੀਤੀ ਹੈ। ਡੀਏਵੀ ਕਾਲਜ ਸੈਕਟਰ-10 ਨੇ ਅੱਜ ਕਾਲਜ ਦੇ ਗੇਟ ’ਤੇ ਬਾਊਂਸਰ ਤਾਇਨਾਤ ਕਰ ਦਿੱਤੇ ਹਨ ਜਿਨ੍ਹਾਂ ਨੂੰ ਬਾਹਰੀ ਵਿਦਿਆਰਥੀਆਂ ਦਾ ਦਾਖਲਾ ਰੋਕਣ ਲਈ ਕਿਹਾ ਗਿਆ ਹੈ।
ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਹੋਰ ਕਾਲਜਾਂ ਵਿਚ ਵੀ ਬਾਊਂਸਰ ਤਾਇਨਾਤ ਕੀਤੇ ਜਾਣਗੇ ਪਰ ਇਸ ਸਬੰਧੀ ਡੀਏਵੀ ਕਾਲਜ ਨੇ ਪਹਿਲ ਕੀਤੀ ਹੈ। ਕਾਲਜ ਦੇ ਇਕ ਸੀਨੀਅਰ ਪ੍ਰੋਫੈਸਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਦੂਜੇ ਕਾਲਜਾਂ ਦੇ ਵਿਦਿਆਰਥੀ ਕਾਲਜ ਵਿਚ ਮਾਹੌਲ ਖਰਾਬ ਕਰ ਰਹੇ ਹਨ। ਇਸ ਕਾਲਜ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਗਰੁੱਪ ਦੇ ਮੈਂਬਰਾਂ ਨੂੰ ਹਰਿਆਣਾ ਪਾਰਟੀ ਦੇ ਦੂਜੇ ਮੈਂਬਰਾਂ ਵੱਲੋਂ ਧਮਕਾਇਆ ਜਾ ਰਿਹਾ ਸੀ ਜਿਸ ਬਾਰੇ ਪ੍ਰਿੰਸੀਪਲ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ।
ਸਕਿਉਰਿਟੀ ਗਾਰਡਾਂ ਨੂੰ ਟਿੱਚ ਜਾਣਦੇ ਹਨ ਆਗੂ
ਨਿੱਜੀ ਕਾਲਜਾਂ ਦੇ ਪ੍ਰਿੰਸੀਪਲਾਂ ਨੇ ਚੰਡੀਗੜ੍ਹ ਪੁਲੀਸ ਨੂੰ ਦੱਸਿਆ ਕਿ ਵਿਦਿਆਰਥੀ ਚੋਣਾਂ ਦੌਰਾਨ ਹਰ ਪਾਰਟੀ ਦੇ ਗਰੁੱਪ ਵਿਚ ਆਉਂਦੇ ਲੜਕੇ ਸੁਰੱਖਿਆ ਗਾਰਡਾਂ ਨਾਲ ਬਹਿਸ ਕਰਦੇ ਹਨ ਤੇ ਉਹ ਸੁਰੱਖਿਆ ਗਾਰਡਾਂ ਨੂੰ ਟਿੱਚ ਸਮਝਦੇ ਹਨ ਤੇ ਨਾ ਹੀ ਉਨ੍ਹਾਂ ਦੇ ਹੁਕਮ ਮੰਨਦੇ ਹਨ ਪਰ ਕਾਲਜ ਵਿਚ ਦਸ ਤੋਂ ਪੰਦਰਾਂ ਬਾਊਂਸਰ ਤਾਇਨਾਤ ਹੋਣ ਨਾਲ ਲੜਾਈ ਝਗੜਿਆਂ ਨੂੰ ਠੱਲ੍ਹ ਪਵੇਗੀ। ਕਾਲਜ ਵਲੋਂ ਇਨ੍ਹਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਹੁੜਦੁੰਗ ਮਚਾਉਣ ਵਾਲੇ ਵਿਦਿਆਰਥੀਆਂ ਨਾਲ ਸਖਤੀ ਕੀਤੀ ਜਾਵੇ। ਇਸ ਤੋਂ ਇਲਾਵਾ ਕਾਲਜ ਦੇ ਬਾਹਰ ਪੁਲੀਸ ਨੇ ਪੱਕਾ ਟੈਂਟ ਵੀ ਗੱਡ ਦਿੱਤਾ ਹੈ।